400 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਬੱਚੇ ਦੀ ਮੌਤ: 84 ਘੰਟੇ ਮਗਰੋਂ ਬਾਹਰ ਕੱਢੀ ਲਾਸ਼

By  Ravinder Singh December 10th 2022 09:59 AM

ਬੈਤੂਲ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਬੈਤੂਲ 'ਚ ਬੋਰਵੈੱਲ 'ਚ ਫਸੇ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ 84 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ। ਬਚਾਅ ਟੀਮ ਸਵੇਰੇ 3 ਵਜੇ ਬੱਚੇ ਦੇ ਨੇੜੇ ਪਹੁੰਚੀ। ਅੱਜ ਸਵੇਰੇ 5 ਵਜੇ ਤੱਕ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ। ਮ੍ਰਿਤਕ ਦੇਹ ਨੂੰ 7 ਵਜੇ ਬੈਤੂਲ ਦੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਬੋਰ ਵਿੱਚ ਪਾਣੀ ਭਰ ਜਾਣ ਕਾਰਨ ਲਾਸ਼ ਸੜ ਗਈ ਸੀ। 5 ਡਾਕਟਰਾਂ ਦੀ ਟੀਮ ਵੱਲ਼ੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਤੇ ਬਾਅਦ ਰਿਸ਼ਤੇਦਾਰ ਲਾਸ਼ ਲੈ ਕੇ ਪਿੰਡ ਲਈ ਰਵਾਨਾ ਹੋ ਗਏ।


ਬੱਚੇ ਦੇ ਚਾਚਾ ਰਾਜੇਸ਼ ਸਾਹੂ ਨੇ ਦੱਸਿਆ ਕਿ ਅੰਤਿਮ ਸੰਸਕਾਰ ਪਿੰਡ ਮੰਡਵੀ ਦੇ ਤਪਤੀ ਘਾਟ ਵਿਖੇ ਕੀਤਾ ਜਾਵੇਗਾ। ਇਹ ਉਨ੍ਹਾਂ ਲਈ ਬਹੁਤ ਦੁਖਦਾਈ ਸਮਾਂ ਹੈ। ਅਸੀਂ ਸੋਚਿਆ ਸੀ ਕਿ ਅਸੀਂ ਸਫਲ ਹੋਵਾਂਗੇ ਅਤੇ ਅਸੀਂ ਆਪਣਾ ਬੱਚਾ ਵਾਪਸ ਲੈ ਲਵਾਂਗੇ। ਬਚਾਅ ਟੀਮ ਨੇ ਦਿਨ-ਰਾਤ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਦੇਰੀ ਹੋ ਗਈ। ਜੇਕਰ ਉਨ੍ਹਾਂ ਕੋਲ ਬੱਚੇ ਨੂੰ ਉਸੇ ਦਿਨ ਬਾਹਰ ਕੱਢਣ ਦੇ ਸਾਧਨ ਹੁੰਦੇ ਤਾਂ ਉਹ ਬਚ ਸਕਦਾ ਸੀ। ਟੀਮ ਵਰਕ ਬਹੁਤ ਵਧੀਆ ਸੀ ਪਰ ਬਹੁਤ ਦੇਰ ਹੋ ਗਈ ਸੀ। ਏਡੀਐਮ ਸ਼ਿਆਮੇਂਦਰ ਜੈਸਵਾਲ ਨੇ ਦੱਸਿਆ ਕਿ ਜਦੋਂ ਤਨਮਯ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਸੜਨ ਦੀ ਹਾਲਤ ਵਿੱਚ ਸੀ। ਪੋਸਟਮਾਰਟਮ ਰਿਪੋਰਟ ਵਿੱਚ ਮਿਲੀ ਜਾਣਕਾਰੀ ਵਿੱਚ ਛਾਤੀ ਵਿੱਚ ਜਕੜਨ ਤੇ ਪਸਲੀਆਂ ਦੀ ਸੱਟ ਦਾ ਖੁਲਾਸਾ ਹੋਇਆ ਹੈ। ਤਹਿਸੀਲਦਾਰ ਪਿੰਡ ਵਿੱਚ ਪਰਿਵਾਰ ਕੋਲ ਪੁੱਜ ਗਏ।


ਅੰਤਿਮ ਸੰਸਕਾਰ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਕੁਲੈਕਟਰ ਅਮਨਬੀਰ ਸਿੰਘ ਬੈਂਸ ਨੇ ਦੱਸਿਆ ਕਿ ਬੋਰ 400 ਫੁੱਟ ਡੂੰਘਾ ਹੈ। ਬੱਚਾ ਕਰੀਬ 39 ਫੁੱਟ ਦੀ ਡੂੰਘਾਈ 'ਚ ਫਸ ਗਿਆ ਸੀ। ਬਚਾਅ ਟੀਮ ਨੇ ਬੋਰ ਦੇ ਸਮਾਨਾਂਤਰ 44 ਫੁੱਟ ਡੂੰਘਾ ਟੋਆ ਪੁੱਟਿਆ। ਇਸ ਤੋਂ ਬਾਅਦ 9 ਫੁੱਟ ਲੰਬੀ ਸੁਰੰਗ ਪੁੱਟੀ ਗਈ। ਘਟਨਾ ਵਾਲੀ ਥਾਂ ਮੰਡਵੀ ਪਿੰਡ ਦੇ ਨਾਲ-ਨਾਲ ਆਸ-ਪਾਸ ਦੇ 4 ਪਿੰਡਾਂ ਦੇ ਲੋਕਾਂ ਨੇ ਮਦਦ ਦਾ ਹੱਥ ਵਧਾਇਆ। ਪਿੰਡ ਵਾਸੀਆਂ ਨੇ ਬਚਾਅ ਵਿੱਚ ਸ਼ਾਮਲ 200 ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ। ਉਹ ਬੱਚੇ ਨੂੰ ਮੁੜ ਜਿਉਂਦਾ ਬਾਹਰ ਦੇਖਣਾ ਚਾਹੁੰਦੇ ਸਨ।

Related Post