ਮਾਸਕੋ ਤੋਂ ਗੋਆ ਜਾ ਰਹੀ ਉਡਾਨ 'ਚ ਬੰਬ ਦੀ ਧਮਕੀ ਪਿੱਛੋਂ ਐਮਰਜੈਂਸੀ ਲੈਂਡਿੰਗ ਕਰਵਾਈ

By  Ravinder Singh January 10th 2023 09:00 AM -- Updated: January 10th 2023 09:03 AM

ਨਵੀਂ ਦਿੱਲੀ: ਮਾਸਕੋ ਤੋਂ ਗੋਆ ਜਾ ਰਹੀ ਇਕ ਉਡਾਨ ਵਿਚ ਬੰਬ ਦੀ ਧਮਕੀ ਮਿਲਣ ਮਗਰੋਂ ਰਾਤ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੁਲਿਸ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦੇ ਇੰਸਪੈਕਟਰ ਜਨਰਲ (ਰਾਜਕੋਟ ਅਤੇ ਜਾਮਨਗਰ ਰੇਂਜ) ਅਸ਼ੋਕ ਕੁਮਾਰ ਯਾਦਵ ਨੇ ਕਿਹਾ ਕਿ ਸਾਰੇ 236 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਦੇ ਨਾਲ-ਨਾਲ ਸਥਾਨਕ ਅਧਿਕਾਰੀ ਜਾਂਚ ਕਰ ਰਹੇ ਹਨ।

ਇਸ ਤੋਂ ਇਲਾਵਾ ਯਾਦਵ ਨੇ ਕਿਹਾ, ''ਮਾਸਕੋ ਤੋਂ ਗੋਆ ਜਾ ਰਹੇ ਜਹਾਜ਼ ਵਿਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ 236 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਿਸ, ਬੀਡੀਡੀਐਸ (ਬੰਬ ਨਿਰੋਧਕ ਦਸਤਾ) ਅਤੇ ਸਥਾਨਕ ਅਧਿਕਾਰੀ ਪੂਰੇ ਜਹਾਜ਼ ਦੀ ਤਲਾਸ਼ੀ ਲੈ ਰਹੇ ਹਨ।


ਨਵੀਂ ਦਿੱਲੀ ਵਿੱਚ ਰੂਸੀ ਦੂਤਾਵਾਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਮਾਸਕੋ ਤੋਂ ਗੋਆ ਜਾ ਰਹੀ ਅਜ਼ੂਰ ਏਅਰ ਦੀ ਉਡਾਣ ਵਿੱਚ ਕਥਿਤ ਬੰਬ ​​ਬਾਰੇ ਦੂਤਾਵਾਸ ਨੂੰ ਸੁਚੇਤ ਕੀਤਾ ਸੀ। ਅਧਿਕਾਰੀ ਨੇ ਕਿਹਾ, ''ਜਹਾਜ਼ ਨੇ ਜਾਮਨਗਰ ਸਥਿਤ ਭਾਰਤੀ ਹਵਾਈ ਸੈਨਾ ਦੇ ਬੇਸ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਅਧਿਕਾਰੀ ਜਹਾਜ਼ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।" ਡਿਪਟੀ ਸੁਪਰਡੈਂਟ ਆਫ ਪੁਲਿਸ (ਵਾਸਕੋ) ਸਲੀਮ ਸ਼ੇਖ ਨੇ ਪੱਤਰਕਾਰਾਂ ਨੂੰ ਦੱਸਿਆ, "ਮਾਸਕੋ ਤੋਂ ਉਡਾਣ ਭਰਨ ਵਾਲੀ ਫਲਾਈਟ ਨੇ ਦਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ ਪਰ ਬੰਬ ਦੀ ਧਮਕੀ ਕਾਰਨ ਜਾਮਨਗਰ ਵੱਲ ਮੋੜ ਦਿੱਤਾ ਗਿਆ ਸੀ।" ਇਸ ਦਰਮਿਆਨ ਜਾਮਨਗਰ ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਬੰਬ ਵਿਚ ਤਲਾਸ਼ੀ ਮੁਹਿੰਮ ਵਿੱਢੀ ਪਰ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ।

Related Post