ਵਿਅਕਤੀ ਨੇ ਕੀਤੀ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟ-ਮਾਰ, ਵੀਡੀਓ ਹੋਇਆ ਵਾਇਰਲ

By  Shameela Khan September 26th 2023 01:50 PM -- Updated: September 26th 2023 02:08 PM

ਗੁਰਦਾਸਪੁਰ: ਬੀਤੇ ਦਿਨ ਦਿਲ ਨੂੰ ਝੰਜੋੜ ਦੇਣ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਔਰਤ ਨੂੰ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟ ਕੇ ਲੈ ਜਾ ਰਿਹਾ ਹੈ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰ ਰਿਹਾ ਹੈ। ਬਾਅਦ ਵਿੱਚ ਖੁਲਾਸਾ ਹੋਇਆ ਕਿ ਇਹ ਵੀਡੀਓ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆ ਖਾਨ ਦੇ ਪਿੰਡ ਛੋੜੀਆਂ ਦੀ ਹੈ ਅਤੇ ਔਰਤ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰਨ ਵਾਲਾ ਆਦਮੀ ਉਸਦਾ ਘਰਵਾਲਾ ਹੀ ਹੈ।

ਘਰਵਾਲੇ ਦੀ ਤਸ਼ੱਦਦ ਦਾ ਸ਼ਿਕਾਰ ਪੀੜਿਤ ਔਰਤ ਜੋ ਸਿਵਲ ਹਸਪਤਾਲ ਧਾਰੀਵਾਲ ਵਿੱਚ ਇਲਾਜ ਅਧੀਨ ਹੈ ਅਤੇ ਉਸਦੀ ਮਾਂ ਨੇ ਮੀਡੀਆ ਸਾਹਮਣੇ ਆ ਕੇ ਸਾਰੀ ਸੱਚਾਈ ਦੱਸੀ ਹੈ ਕਿ ਉਸ ਦਾ ਘਰ ਵਾਲਾ ਅਕਸਰ ਉਸ ਦੀ ਮਾਰਕੁਟਾਈ ਕਰਦਾ ਹੈ ਤੇ ਉਸਨੂੰ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਕੀਤਾ ਜਾਂਦਾ ਹੈ । ਓਥੇ ਹੀ ਉਸ ਨੇ ਦੱਸਿਆ ਹੈ ਕਿ ਮਾਮਲੇ ਦੀ ਸ਼ਿਕਾਇਤ ਥਾਣਾ ਭੈਣੀ ਮੀਆਂ ਖਾਨ ਨੂੰ ਕੀਤੀ ਜਾ ਚੁੱਕੀ ਹੈ।

ਜਾਣਕਾਰੀ ਦਿੰਦਿਆਂ ਪੀੜਿਤ ਔਰਤ ਮੀਨੂ ਅਤੇ ਉਸਦੀ ਮਾਂ ਰੀਟਾ ਨੇ ਦੱਸਿਆ ਕਿ ਮੀਨੂੰ ਦੇ ਘਰਵਾਲੇ ਵੱਲੋਂ ਬੀਤੇ ਦਿਨ ਉਸ ਦੀ ਬੁਰੀ ਤਰ੍ਹਾਂ ਨਾਲ ਮਾਰਕੁਟਾਈ ਕੀਤੀ ਗਈ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟਦਾ ਹੋਇਆ ਘਰ ਤੱਕ ਲੈ ਗਿਆ। ਜਾਣਕਾਰੀ ਮਿਲਣ 'ਤੇ ਉਸ ਦੇ ਪੇਕੇ ਪਿੰਡ ਦੇ ਪੰਚਾਇਤ ਮੈਂਬਰ, ਮਾਂ ਅਤੇ ਭਰਾ ਆਏ ਅਤੇ ਉਸ ਨੂੰ ਉਥੋਂ ਲਿਆ ਕੇ ਸਿਵਲ ਹਸਪਤਾਲ ਧਾਰੀਵਾਲ ਵਿੱਚ ਜ਼ਖ਼ਮੀ ਹਾਲਤ ਵਿੱਚ ਦਾਖ਼ਲ ਕਰਵਾਇਆ। ਪੀੜਿਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਅਕਸਰ ਦਾਜ ਦੀ ਮੰਗ ਕਰਦਿਆਂ ਉਸ ਨਾਲ ਮਾਰ ਕੁਟਾਈ ਕੀਤੀ ਜਾਂਦੀ ਹੈ।

ਪੀੜਿਤ ਔਰਤ ਮੀਨੂ ਦੀ ਮਾਤਾ ਰੀਟਾ ਨੇ ਦੱਸਿਆ ਕਿ ਉਹ ਧਾਰੀਵਾਲ ਨੇੜੇ ਪਿੰਡ ਸੰਘੜ ਦੇ ਰਹਿਣ ਵਾਲੇ ਹਨ ਅਤੇ ਉਸਦੀ ਲੜਕੀ ਮੀਨੂ ਜੋ ਭੈਣੀ ਮੀਆਂ ਖਾਨ ਨੇੜੇ ਛੋੜੀਆਂ ਵਿਆਹੀ ਹੋਈ ਹੈ ਉਪਰ ਸਹੁਰਾ ਪਰਿਵਾਰ ਵੱਲੋਂ ਬਹੁਤ ਅੱਤਿਆਚਾਰ ਕੀਤਾ ਜਾ ਰਿਹਾ ਹੈ। ਬੀਤੇ ਦਿਨ ਵੀ ਉਸ ਦੀ ਉਸਦੇ ਘਰ ਵਾਲੇ ਅਤੇ ਸੱਸ ਵਲੋਂ ਮਾਰ ਕੁੱਟਾਈ ਕੀਤੀ ਗਈ ਅਤੇ ਜਦੋਂ ਮਾਰਟਾਈ ਤੋਂ ਬਾਅਦ ਉਹ ਨੇੜੇ ਹੀ ਮਾਸੀ ਦੇ ਘਰ ਗਈ ਤਾਂ ਉਸ ਦਾ ਘਰਵਾਲਾ ਉਥੇ ਵੀ ਆ ਗਿਆ ਤੇ ਉਸ ਨੂੰ ਮਾਰਦਾ ਹੋਇਆ ਵਾਲਾਂ ਤੋਂ ਫੜ ਕੇ ਪੂਰੀ ਗਲੀ ਵਿੱਚ ਘਸੀਟਦਾ ਹੋਇਆ ਘਰ ਲੈ ਕੇ ਆਇਆ।

ਲੜਕੀ ਦੀ ਬੁਰੀ ਤਰਾਂ ਨਾਲ ਮਾਰਕੁਟਾਈ ਹੁੰਦਿਆਂ ਪੂਰੇ ਪਿੰਡ ਨੇ ਦੇਖਿਆ ਪਰ ਕਿਸੇ ਨੇ ਵੀ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਦਾ ਮਾਸੜ ਜਦੋਂ ਉਸ ਨੂੰ ਬਚਾਉਣ ਆਇਆ ਤਾਂ ਉਸ ਨਾਲ ਵੀ ਮੀਨੂ ਦੇ ਘਰ ਵਾਲੇ ਵੱਲੋਂ ਮਾਰਕਟਾਈ ਕੀਤੀ ਗਈ। ਮੀਨੂ ਦੀ ਮਾਂ ਨੇ ਦੱਸਿਆ ਕਿ ਮੀਨੂ ਦੇ ਪਿਤਾ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਹਨ ਅਤੇ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਇਸ ਲਈ ਮੀਨੂ ਦੇ ਸਹੁਰਿਆਂ ਦੀ ਦਾਜ ਦੀ ਮੰਗ ਪੂਰੀ ਨਹੀਂ ਕਰ ਸਕਦੇ। ਉਨ੍ਹਾਂ ਮੰਗ ਕੀਤੀ ਹੈ ਕਿ ਮੀਨੂ ਨੂੰ ਇਨਸਾਫ਼ ਦਵਾਇਆ ਜਾਵੇ।

ਉੱਥੇ ਹੀ ਮੌਕੇ 'ਤੇ ਸਿਵਲ ਹਸਪਤਾਲ ਵਿੱਖੇ ਪਹੁੰਚੇ ਥਾਣਾ ਭੈਣੀ ਮੀਆਂ ਖਾਂ ਪੁਲਿਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਮੀਨੂੰ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਡਾਕਟਰ ਵੱਲੋਂ ਐੱਮ.ਐੱਲ.ਆਰ ਵੀ ਕੱਟ ਦਿੱਤੀ ਗਈ ਹੈ ਪਰ ਪੀੜਤ ਔਰਤ ਵੱਲੋਂ ਫਿਲਹਾਲ ਬਿਆਨ ਦਰਜ ਨਹੀਂ ਕਰਵਾਇਆ ਗਿਆ ਹੈ। ਉਸਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਦੋਸ਼ੀਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post