UT 69 ਦਾ ਟ੍ਰੇਲਰ ਹੋਇਆ ਰਿਲੀਜ਼; ਕੁੰਦਰਾ ਨੇ ਕਿਹਾ - ਕੋਈ ਨਹੀਂ ਕਰਨਾ ਚਾਹੁੰਦਾ ਸੀ ਮੇਰੀ Biopic ਚ ਕੰਮ

ਅੰਮ੍ਰਿਤਸਰ: ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਫਿਲਮ 'ਯੂਟੀ 69' ਨਾਲ ਬਤੌਰ ਅਦਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਰਾਜ ਕੁੰਦਰਾ ਦੇ ਆਰਥਰ ਰੋਡ ਜੇਲ 'ਚ ਬਿਤਾਏ 63 ਦਿਨਾਂ 'ਤੇ ਆਧਾਰਿਤ ਹੈ। ਜਿਸਦਾ ਬੀਤੀ ਸ਼ਾਮ ਟ੍ਰੇਲਰ ਲੌਂਚ ਹੋਇਆ ਹੈ। ਇਸ ਦੇ ਨਾਲ ਹੀ ਉਹ ਅੱਜ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ।
ਲੰਘੇ ਕੱਲ੍ਹ ਮੁੰਬਈ 'ਚ ਇਸ ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਰਾਜ ਕੁੰਦਰਾ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, "ਮੈਂ ਲੋਕਾਂ ਦੀਆਂ ਨਜ਼ਰਾਂ 'ਚ ਦੋਸ਼ੀ ਹੁੰਦਾ ਤਾਂ ਲੋਕ ਜੋ ਕਹਿਣਾ ਚਾਹੁੰਦੇ ਕਹਿ ਦਿੰਦੇ ਪਰ ਇਸ ਮਾਮਲੇ 'ਚ ਮੇਰੀ ਪਤਨੀ ਅਤੇ ਬੱਚਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਮੈਨੂੰ ਬਹੁਤ ਦੁੱਖ ਹੋਇਆ ਹੈ। ਮੇਰੇ ਪਰਿਵਾਰ ਅਤੇ ਬੱਚਿਆਂ ਨੂੰ ਇਸ ਮਾਮਲੇ ਵਿੱਚ ਨਹੀਂ ਘਸੀਟਣਾ ਚਾਹੀਦਾ ਸੀ।"
ਰਾਜ ਕੁੰਦਰਾ ਨੂੰ 2021 ਵਿੱਚ ਪੋਰਨ ਫਿਲਮਾਂ ਬਣਾਉਣ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਕੁੰਦਰਾ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬਿਤਾਏ ਆਪਣੇ ਦਿਨਾਂ ਦੌਰਾਨ ਆਪਣੇ ਅਨੁਭਵਾਂ ਬਾਰੇ ਇੱਕ ਕਿਤਾਬ ਲਿਖਣਾ ਚਾਹੁੰਦੇ ਸਨ।
ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਰਾਜ ਕੁੰਦਰਾ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, "ਇਹ ਸਭ ਮੇਰੇ ਪਰਿਵਾਰ ਲਈ ਬਹੁਤ ਦੁੱਖ ਦਾ ਪਲ ਹੈ। ਜਦੋਂ ਲੋਕ ਮੇਰੀ ਪਤਨੀ ਅਤੇ ਬੱਚੇ ਬਾਰੇ ਬੁਰਾ-ਭਲਾ ਕਹਿ ਰਹੇ ਸਨ ਤਾਂ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਆਖ਼ਰ ਮੇਰੀ ਪਤਨੀ ਅਤੇ ਬੱਚਿਆਂ ਨੇ ਕਿਸੇ ਦਾ ਕੀ ਨੁਕਸਾਨ ਕੀਤਾ ਸੀ? ਜੋ ਵੀ ਕਹਿਣਾ ਸੀ, ਮੈਂ ਕਹਿ ਦਿੱਤਾ। ਜੇਕਰ ਮੇਰੀ ਪਤਨੀ ਸ਼ਿਲਪਾ ਮੇਰੇ ਨਾਲ ਨਾ ਹੁੰਦੀ ਤਾਂ ਮੈਂ ਬਚ ਨਹੀਂ ਸਕਦਾ ਸੀ। ਉਸਨੇ ਮੈਨੂੰ ਉਮੀਦ ਅਤੇ ਭਰੋਸਾ ਦਿੱਤਾ ਕਿ ਸਭ ਕੁਝ ਠੀਕ ਹੋ ਜਾਵੇਗਾ।"
ਉਨ੍ਹਾਂ ਕਿਹਾ, "ਮੈਂ ਆਰਥਰ ਰੋਡ 'ਤੇ ਬਿਤਾਏ 63 ਦਿਨਾਂ ਦੇ ਆਪਣੇ ਅਨੁਭਵਾਂ ਬਾਰੇ ਹਰ ਰੋਜ਼ ਲਿਖਦਾ ਰਿਹਾ। ਮੈਂ ਇਸ ਉੱਤੇ ਇੱਕ ਕਿਤਾਬ ਲਿਖਣਾ ਚਾਹੁੰਦਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਸ਼ਾਹਨਵਾਜ਼ ਅਲੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੇਰੇ ਦੁਆਰਾ ਲਿਖੇ ਨੋਟ ਪੜ੍ਹਨ ਲਈ ਦਿੱਤੇ। ਜਦੋਂ ਉਹ ਮੈਨੂੰ ਦੁਬਾਰਾ ਮਿਲਣ ਆਇਆ ਤਾਂ ਪੂਰੀ ਸਕ੍ਰਿਪਟ ਲਿਖੀ ਹੋਈ ਲੈ ਕੇ ਆਇਆ ਅਤੇ ਕਿਹਾ ਕਿ ਉਹ ਇਸ 'ਤੇ ਫਿਲਮ ਬਣਾਉਣਗੇ।"
ਰਾਜ ਕੁੰਦਰਾ ਨੇ ਕਿਹਾ, "ਪਹਿਲਾਂ ਮੈਂ ਇਸ ਫਿਲਮ 'ਚ ਕੰਮ ਨਹੀਂ ਕਰਨਾ ਚਾਹੁੰਦਾ ਸੀ। ਪਰ ਕੋਈ ਵੀ ਅਭਿਨੇਤਾ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਰਾਜ਼ੀ ਨਹੀਂ ਹੋਇਆ, ਇਸ ਲਈ ਮੇਰੇ ਫ਼ਿਲਮ ਨਿਰਦੇਸ਼ਕ ਸ਼ਾਹਨਵਾਜ਼ ਅਲੀ ਨੇ ਮੈਨੂੰ ਫ਼ਿਲਮ ਵਿੱਚ ਖੁਦ ਕੰਮ ਕਰਨ ਦਾ ਸੁਝਾਅ ਦਿੱਤਾ। ਜਦੋਂ ਮੈਂ ਇਹ ਗੱਲ ਸ਼ਿਲਪਾ ਨੂੰ ਦੱਸੀ ਤਾਂ ਪਹਿਲਾਂ ਤਾਂ ਉਸ ਨੇ ਮੇਰਾ ਫੈਸਲਾ ਸਹੀ ਸਮਝਿਆ ਪਰ ਜਦੋਂ ਉਸ ਨੇ ਫਿਲਮ ਦੇਖੀ ਤਾਂ ਉਸ ਨੂੰ ਮੇਰਾ ਕਿਰਦਾਰ ਪਸੰਦ ਆਇਆ। ਜੇਲ ਵਿਚ ਰਹਿੰਦਿਆਂ ਮੈਂ ਮੈਥਡ ਐਕਟਰ ਬਣ ਗਿਆ ਸੀ, ਬਾਕੀ ਬਚੀਆਂ ਕਮੀਆਂ ਨੂੰ ਸ਼ਾਹਨਵਾਜ਼ ਅਲੀ ਨੇ ਭਰ ਦਿੱਤਾ। ਵੈਸੇ ਮੈਂ ਫਿਲਮ ਲਈ ਕੁਝ ਦਿਨਾਂ ਲਈ ਐਕਟਿੰਗ ਦੀ ਕਲਾਸ ਵੀ ਲਈ ਸੀ।"
ਰਾਜ ਕੁੰਦਰਾ ਦੀ ਫਿਲਮ 'ਯੂਟੀ 69' 3 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਰਾਜ ਕੁੰਦਰਾ ਨੇ ਦੱਸਿਆ ਕਿ ਫਿਲਮ ਬਣਾਉਣ ਤੋਂ ਬਾਅਦ ਅਸੀਂ ਸੋਚਿਆ ਸੀ ਕਿ ਅਸੀਂ ਇਸ ਨੂੰ ਕਿਸੇ OTT 'ਤੇ ਰਿਲੀਜ਼ ਕਰਾਂਗੇ। ਪਰ ਜਦੋਂ ਅਨਿਲ ਥਡਾਨੀ ਨੇ ਸਾਡੀ ਫਿਲਮ ਦੇਖੀ ਤਾਂ ਉਨ੍ਹਾਂ ਨੂੰ ਇਹ ਫਿਲਮ ਬਹੁਤ ਪਸੰਦ ਆਈ ਅਤੇ ਉਨ੍ਹਾਂ ਨੇ ਇਸ ਫਿਲਮ ਨੂੰ ਸਿਨੇਮਾਘਰਾਂ ਤੱਕ ਪਹੁੰਚਾਉਣ ਦੀ ਪਹਿਲ ਕੀਤੀ। ਕੁੰਦਰਾ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਫਿਲਮ ਨੂੰ ਪਸੰਦ ਕਰਨਗੇ।"
ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰਾਜ ਕੁੰਦਰਾ ਕਿਤੇ ਵੀ ਮਾਸਕ ਪਾ ਕੇ ਜਾਂਦਾ ਸੀ ਤਾਂ ਜੋ ਕੋਈ ਉਸ ਨੂੰ ਪਛਾਣ ਨਾ ਸਕੇ। ਟ੍ਰੇਲਰ ਲਾਂਚ ਦੇ ਦੌਰਾਨ ਕੁੰਦਰਾ ਨੇ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਦੁਬਾਰਾ ਕਦੇ ਮਾਸਕ ਨਹੀਂ ਪਵੇਗਾ।