ਕਰੀਅਰ 'ਚ ਪਹਿਲੀ ਵਾਰ ਘਰੇਲੂ ਮੈਦਾਨ 'ਤੇ ਪੂਰੀ ਸੀਰੀਜ਼ ਤੋਂ ਬਾਹਰ ਹੋਏ ਵਿਰਾਟ ਕੋਹਲੀ

By  Jasmeet Singh February 10th 2024 11:39 AM

Virat Kohli out of test series: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਕੌਮੀ ਖਬਰਾਂ ਮੁਤਾਬਕ ਕੋਹਲੀ ਨੇ ਆਪਣੀ ਉਪਲਬਧਤਾ ਬਾਰੇ ਬੀ.ਸੀ.ਸੀ.ਆਈ. ਨੂੰ ਸੂਚਿਤ ਕਰ ਦਿੱਤਾ ਹੈ। 

ਰਾਜਕੋਟ 'ਚ ਹੋਣ ਵਾਲੇ ਅਗਲੇ ਟੈਸਟ ਮੈਚ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੋਣਕਾਰਾਂ ਦੀ ਆਨਲਾਈਨ ਬੈਠਕ ਹੋਈ, ਜਿਸ 'ਚ ਕੋਹਲੀ ਨੇ ਵੀ ਹਿੱਸਾ ਲਿਆ ਅਤੇ ਚੋਣਕਾਰਾਂ ਨੂੰ ਸੂਚਿਤ ਕੀਤਾ ਕਿ ਉਹ ਪੂਰੀ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਇਹ ਪਹਿਲਾ ਮੌਕਾ ਹੈ ਜਦੋਂ ਵਿਰਾਟ ਕੋਹਲੀ ਘਰ 'ਤੇ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋਏ ਹਨ।

ਜਲਦ ਹੀ ਕੀਤਾ ਜਾਵੇਗਾ ਟੀਮ ਦਾ ਐਲਾਨ 

ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ 'ਚ ਖੇਡਿਆ ਜਾਵੇਗਾ। ਚੋਣਕਾਰਾਂ ਨੇ ਪਹਿਲੇ ਦੋ ਟੈਸਟਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਸੀ। ਹੁਣ ਚੋਣਕਾਰਾਂ ਨੂੰ ਬਾਕੀ ਤਿੰਨ ਟੈਸਟਾਂ ਲਈ ਟੀਮ ਦਾ ਐਲਾਨ ਕਰਨਾ ਹੈ। ਸ਼ੁੱਕਰਵਾਰ ਨੂੰ ਅਹਿਮ ਬੈਠਕ ਤੋਂ ਬਾਅਦ ਸ਼ਨਿੱਚਰਵਾਰ ਨੂੰ ਟੀਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਕੋਹਲੀ ਇਸ ਟੀਮ ਦਾ ਹਿੱਸਾ ਨਹੀਂ ਹੋਣਗੇ।

ਟੀਮ 'ਚ ਬਦਲਾਅ ਦੀ ਘੱਟ ਸੰਭਾਵਨਾ

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਰਾਟ ਕੋਹਲੀ ਕਿਸੇ ਘਰੇਲੂ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਵਿਸ਼ਾਖਾਪਟਨਮ 'ਚ ਸੀਰੀਜ਼ 1-1 ਨਾਲ ਬਰਾਬਰ ਕਰਨ ਤੋਂ ਬਾਅਦ ਬਾਕੀ ਤਿੰਨ ਮੈਚਾਂ ਲਈ ਐਲਾਨੀ ਜਾਣ ਵਾਲੀ ਟੀਮ 'ਚ ਜ਼ਿਆਦਾ ਬਦਲਾਅ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਸ਼੍ਰੇਅਸ ਅਈਅਰ ਸੀਰੀਜ਼ ਦੇ ਬਾਕੀ ਮੈਚ ਨਹੀਂ ਖੇਡ ਸਕਣਗੇ, ਇਸ ਲਈ ਇਹ ਦੇਖਣਾ ਹੋਵੇਗਾ ਕਿ ਚੋਣਕਰਤਾ ਉਨ੍ਹਾਂ ਦੇ ਬਦਲ ਦਾ ਐਲਾਨ ਕਰਨਗੇ ਜਾਂ ਨਹੀਂ। ਸ਼੍ਰੇਅਸ ਅਈਅਰ ਦੀ ਪਿੱਠ ਦੀ ਸੱਟ ਮੁੜ ਉੱਭਰ ਗਈ ਹੈ ਅਤੇ ਉਸ ਨੂੰ ਐਨ.ਸੀ.ਏ. 'ਚ ਭੇਜ ਦਿੱਤਾ ਗਿਆ ਹੈ। 

ਟੀਮ ਵਿੱਚ ਆ ਸਕਦਾ ਹੈ ਆਕਾਸ਼ਦੀਪ

ਰਾਜਕੋਟ ਟੈਸਟ ਤੋਂ ਪਹਿਲਾਂ ਟੀਮ ਲਈ ਚੰਗੀ ਖ਼ਬਰ ਇਹ ਹੈ ਕਿ ਕੇ.ਐੱਲ. ਰਾਹੁਲ ਅਤੇ ਰਵਿੰਦਰ ਜਡੇਜਾ ਦੀ ਟੀਮ 'ਚ ਵਾਪਸੀ ਹੋ ਸਕਦੀ ਹੈ। ਸੱਟ ਕਾਰਨ ਦੋਵੇਂ ਖਿਡਾਰੀ ਦੂਜਾ ਟੈਸਟ ਨਹੀਂ ਖੇਡ ਸਕੇ। ਜਡੇਜਾ ਨੂੰ ਹੈਮਸਟ੍ਰਿੰਗ ਵਿੱਚ ਸੱਟ ਲੱਗੀ ਸੀ ਅਤੇ ਕੇ.ਐੱਲ. ਰਾਹੁਲ ਨੇ ਕਵਾਡ੍ਰਿਸਪਸ ਦਰਦ ਦੀ ਸ਼ਿਕਾਇਤ ਕੀਤੀ ਸੀ। 

ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤੇ ਜਾਣ ਦੀਆਂ ਅਟਕਲਾਂ ਘੱਟ ਹਨ। ਬੁਮਰਾਹ ਤੀਜਾ ਟੈਸਟ ਖੇਡਣਗੇ। ਆਕਾਸ਼ਦੀਪ ਨੂੰ ਪਹਿਲੀ ਵਾਰ ਟੈਸਟ ਲਈ ਚੁਣਿਆ ਜਾ ਸਕਦਾ ਹੈ। ਚੋਣਕਾਰਾਂ ਨੇ ਫੈਸਲਾ ਕੀਤਾ ਹੈ ਕਿ ਆਕਾਸ਼ਦੀਪ ਅਵੇਸ਼ ਖਾਨ ਨੂੰ ਬਾਹਰ ਕਰ ਕੇ ਟੈਸਟ ਟੀਮ ਵਿੱਚ ਆ ਸਕਦਾ ਹੈ।

ਇਹ ਵੀ ਪੜ੍ਹੋ:

Related Post