ਦਿੱਲੀ ਚ ਕਿਉਂ ਬਣਿਆ ਹੜ੍ਹ ਦਾ ਖ਼ਤਰਾ? ਪਹਿਲਾਂ ਵੀ ਬਣੇ ਸਨ ਅਜਿਹੇ ਹਾਲਾਤ, ਰਿਕਾਰਡ ਪੱਧਰ ਨੂੰ ਛੂਹਿਆ ਯਮੁਨਾ ਦਾ ਪਾਣੀ

Floods In Delhi: ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ ਵਿੱਚ ਲਗਾਤਾਰ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਯਮੁਨਾ ਦੇ ਪਾਣੀ ਦਾ ਪੱਧਰ ਮੰਗਲਵਾਰ ਨੂੰ 205 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਤੋਂ ਬਾਅਦ ਵੀ ਵਧ ਰਿਹਾ ਹੈ। ਅੱਜ ਸਵੇਰੇ 8 ਵਜੇ ਪਾਣੀ ਦਾ ਪੱਧਰ 208.48 ਮੀਟਰ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1978 ਵਿੱਚ ਨਦੀ ਦੇ ਪਾਣੀ ਦਾ ਪੱਧਰ 207.49 ਮੀਟਰ ਤੱਕ ਪਹੁੰਚ ਗਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਧਾਨੀ ਦੇ ਕੁਝ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ ਦਾ ਮੁੱਖ ਕਾਰਨ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਭਾਰੀ ਬਾਰਿਸ਼ ਦੇ ਨਾਲ-ਨਾਲ ਹਥਿਨੀਕੁੰਡ ਬੈਰਾਜ ਤੋਂ ਪਾਣੀ ਛੱਡਣਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਜਿਸ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉਸ ਵਿੱਚ ਹੋਰ ਕਾਰਕ ਵੀ ਯੋਗਦਾਨ ਪਾ ਸਕਦੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਤੋਂ ਮਨਾਲੀ ਰੂਟ 'ਤੇ PRTC ਦੀ ਬੱਸ ਹੋਈ ਲਾਪਤਾ, ਬੱਸ ਸਟਾਫ ਦੇ ਮੋਬਾਈਲ ਵੀ ਆ ਰਹੇ ਹਨ ਬੰਦ
ਕੇਂਦਰੀ ਜਲ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਅਸੀਂ ਦੇਖਿਆ ਹੈ ਕਿ ਹਥਿਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਦਿੱਲੀ ਪਹੁੰਚਣ ਵਿੱਚ ਘੱਟ ਸਮਾਂ ਲੱਗਿਆ। ਇਹ ਮੁੱਖ ਤੌਰ 'ਤੇ ਕਬਜ਼ੇ ਅਤੇ ਸਿਲਟੇਸ਼ਨ ਕਰਕੇ ਹੋ ਸਕਦਾ ਹੈ।
ਦਿੱਲੀ ਵਿੱਚ ਪੀਣ ਵਾਲੇ ਪਾਣੀ ਦੀ ਬਣੀ ਘਾਟ
ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਯਮੁਨਾ ਦੇ ਪਾਣੀ ਦੇ ਪੱਧਰ 'ਚ ਗਿਰਾਵਟ ਦੀ ਸੰਭਾਵਨਾ ਘੱਟ ਹੈ, ਅਜਿਹਾ ਇਸ ਲਈ ਵੀ ਹੈ ਕਿਉਂਕਿ ਪਹਾੜੀ ਰਾਜਾਂ 'ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਅਜਿਹੇ 'ਚ ਪਹਾੜੀ ਨਦੀਆਂ 'ਚ ਆਏ ਹੜ੍ਹ ਦਾ ਅਸਰ ਦਿੱਲੀ 'ਚ ਵੀ ਯਮੁਨਾ 'ਤੇ ਪਾਣੀ ਦਾ ਪੱਧਰ ਵਧਣ ਦੇ ਰੂਪ 'ਚ ਦੇਖਣ ਨੂੰ ਮਿਲਣਾ ਯਕੀਨੀ ਹੈ। ਯਮੁਨਾ 'ਚ ਪਾਣੀ ਦਾ ਪੱਧਰ ਵਧਣ ਨਾਲ ਜਿੱਥੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਹੁਣ ਇਸ ਕਾਰਨ ਦਿੱਲੀ 'ਚ ਵੀ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਮੁਹਾਲੀ ਦੇ ਪਿੰਡ ਬੱਡਮਾਜਰਾ ‘ਚ ਸੜਕ ‘ਤੇ ਪਏ ਪਾੜ ਤੋਂ ਪਰੇਸ਼ਾਨ ਹੋਏ ਲੋਕ; ਪ੍ਰਸ਼ਾਸਨ ਨੂੰ ਪਾਈਆਂ ਲਾਹਣਤਾਂ
ਦਿੱਲੀ ਦੇ ਤਿੰਨ ਵਾਟਰ ਟ੍ਰੀਟਮੈਂਟ ਪਲਾਂਟ ਹੋਏ ਬੰਦ
ਦਰਅਸਲ ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ਕਾਰਨ ਸਰਕਾਰ ਨੇ ਦਿੱਲੀ ਦੇ ਤਿੰਨ ਵਾਟਰ ਟ੍ਰੀਟਮੈਂਟ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਇਨ੍ਹਾਂ ਪਲਾਂਟਾਂ ਦੇ ਬੰਦ ਹੋਣ ਕਾਰਨ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ 'ਚ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਬੰਦ ਪਏ ਤਿੰਨ ਵਾਟਰ ਪਲਾਂਟਾਂ ਤੋਂ ਕੇਂਦਰੀ ਦਿੱਲੀ, ਉੱਤਰੀ ਦਿੱਲੀ ਅਤੇ ਦੱਖਣੀ ਦਿੱਲੀ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ।
ਭਾਰੀ ਮਾਲ ਗੱਡੀਆਂ ਦੇ ਦਾਖਲੇ 'ਤੇ ਪਾਬੰਦੀ
ਪਾਣੀ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਰਾਜਧਾਨੀ 'ਚ ਸਿੰਘੂ, ਬਦਰਪੁਰ, ਲੋਨੀ ਅਤੇ ਚਿੱਲਾ ਸਰਹੱਦਾਂ ਤੋਂ ਭਾਰੀ ਮਾਲ ਗੱਡੀਆਂ ਦੇ ਦਾਖਲੇ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਦੇ ਅਗਲੇ ਹੁਕਮਾਂ ਤੱਕ ਇਨ੍ਹਾਂ ਸਰਹੱਦਾਂ ਤੋਂ ਭਾਰੀ ਮਾਲ ਗੱਡੀਆਂ, ਜਿਵੇਂ ਟੱਰਕ ਆਦਿ ਦੀ ਐਂਟਰੀ ਬੰਦ ਰਹੇਗੀ। ਵੀਰਵਾਰ ਨੂੰ ਦਿੱਲੀ 'ਚ ਯਮੁਨਾ ਦਾ ਜਲ ਪੱਧਰ 208.60 ਤੋਂ ਉੱਪਰ ਪਹੁੰਚ ਗਿਆ ਹੈ। ਇਹ ਅੱਜ ਤੱਕ ਦਾ ਰਿਕਾਰਡ ਹੈ। ਯਮੁਨਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਯਮੁਨਾ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ।
ਦਿੱਲੀ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਹਨ
ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ 'ਚ ਪਾਣੀ ਦਾਖਲ ਹੋ ਗਿਆ ਹੈ। ਅਜਿਹੇ 'ਚ ਦਿੱਲੀ ਸਰਕਾਰ ਨੇ ਸਾਵਧਾਨੀ ਦੇ ਤੌਰ 'ਤੇ ਇਨ੍ਹਾਂ ਪ੍ਰਭਾਵਿਤ ਇਲਾਕਿਆਂ 'ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਅਜਿਹੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਅਮੀਰ ਸ਼ੇਖ ਦਾ ਦਿਖਾਵਾ ਕਰਨਾ ਪਿਆ ਮਹਿੰਗਾ; ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਬੋਚਿਆ