NIA Raids: ਗੈਂਗਸਟਰਾਂ 'ਤੇ ਸ਼ਿਕੰਜ਼ਾ! ਦਿੱਲੀ, ਪੰਜਾਬ ਸਮੇਤ ਕਈ ਸੂਬਿਆਂ 'ਚ NIA ਨੇ ਕੀਤੀ ਛਾਪੇਮਾਰੀ

By  Riya Bawa October 18th 2022 09:07 AM -- Updated: October 18th 2022 10:35 AM

NIA Raids: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ( NIA) ਨੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਇਸ ਕਾਰਵਾਈ ਦਾ ਮਕਸਦ ਭਾਰਤ ਅਤੇ ਵਿਦੇਸ਼ਾਂ 'ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ 'ਤੇ ਸ਼ਿਕੰਜਾ ਕੱਸਣਾ ਹੈ। ਜਾਣਕਾਰੀ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ 'ਚ ਛਾਪੇਮਾਰੀ ਕੀਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਇਹ ਕਾਰਵਾਈ ਗੈਂਗਸਟਰ ਮਾਮਲੇ 'ਚ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਛਾਪੇਮਾਰੀ 'ਚ ਹੁਣ ਤੱਕ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਪਿਛਲੇ ਹਫਤੇ NIA ਨੇ ਘਾਟੀ ਦੇ ਸ਼ੋਪੀਆਂ ਅਤੇ ਰਾਜੌਰੀ ਜ਼ਿਲਿਆਂ 'ਚ ਛਾਪੇਮਾਰੀ ਕੀਤੀ ਸੀ। ਐਨਆਈਏ ਦੇ ਇਹ ਛਾਪੇ ਵੀ ਦਹਿਸ਼ਤਗਰਦੀ ਨਾਲ ਸਬੰਧਤ ਮਾਮਲਿਆਂ ਨਾਲ ਸਬੰਧਤ ਸਨ। ਇਸ ਪਹਿਲਕਦਮੀ ਕਾਰਨ NIA ਨੂੰ ਵੀ ਟੈਰਰ ਫੰਡਿੰਗ ਨੂੰ ਲੈ ਕੇ ਕਾਰਵਾਈ ਕਰਦੇ ਦੇਖਿਆ ਗਿਆ ਹੈ।

ਬਠਿੰਡਾ 'ਚ ਐੱਨਆਈਏ ਨੇ ਕੀਤੀ ਛਾਪੇਮਾਰੀ

ਐੱਨਆਈਏ ਵੱਲੋਂ ਪੰਜਾਬ ਭਰ ਵਿਚ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਹਨ। ਗੈਂਗਸਟਰਵਾਦ ਦੇ ਨੈਕਸਸ ਨੂੰ ਤੋੜਣ ਲਈ ਉਨ੍ਹਾਂ ਦੇ ਸਬੰਧਤ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀਆਂ ਜਾ ਰਹੀਆ ਹਨ ਕਿਉਂਕਿ ਪੰਜਾਬ ਵਿੱਚ ਗੈਂਗਸਟਰਵਾਦ ਲਗਾਤਾਰ ਫੈਲ ਰਿਹਾ ਹੈ। ਬਠਿੰਡਾ ਦੇ ਐਸਐਸਪੀ ਏਲਨਚੇਲੀਅਨ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਐੱਨਆਈਏ ਵੱਲੋਂ ਤਿੰਨ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਹੈ ਪਰੰਤੂ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕਿੱਥੇ ਕੀਤੀਆਂ ਜਾ ਰਹੀਆਂ ਹਨ।

ਸੋਨੀਪਤ 'ਚ NIA ਨੇ ਮਾਰੀ ਰੇਡ

ਸੋਨੀਪਤ 'ਚ ਵੀ ਲਾਰੇਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਦੇ ਟਿਕਾਣਿਆਂ 'ਤੇ NIA ਨੇ ਛਾਪੇਮਾਰੀ ਕੀਤੀ ਹੈ। ਸੋਨੀਪਤ ਦੇ ਬਦਨਾਮ ਗੈਂਗਸਟਰ ਰਾਜੂ ਬਸੋਦੀ ਅਤੇ ਅਕਸ਼ੈ ਪਾਲਦਾ ਦੇ ਟਿਕਾਣਿਆਂ 'ਤੇ NIA ਨੇ ਰੇਡ ਮਾਰੀ। NIA ਦੀ ਟੀਮ ਸਵੇਰ ਤੋਂ ਹੀ ਸਥਾਨਕ ਪੁਲਿਸ ਦੇ ਨਾਲ ਦੋਵਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੀ ਹੈ। ਰਾਜੂ ਬਸੋਦੀ ਅਤੇ ਅਕਸ਼ੈ ਪਾਲਦਾ 'ਤੇ ਉੱਤਰੀ ਭਾਰਤ 'ਚ ਦੋ ਦਰਜਨ ਤੋਂ ਵੱਧ ਗੰਭੀਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਦੋਵੇਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸ਼ਾਰਪ ਸ਼ੂਟਰ ਹਨ।

ਗੈਂਗਸਟਰ ਨਰੇਸ਼ ਸੇਠੀ ਦੇ ਘਰ NIA ਨੇ ਮਾਰੀ ਰੇਡ

NIA ਨੇ ਗੈਂਗਸਟਰ ਨਰੇਸ਼ ਸੇਠੀ ਦੇ ਝੱਜਰ ਸਥਿਤ ਘਰ 'ਤੇ ਛਾਪਾ ਮਾਰਿਆ ਹੈ। NIA ਦੀ ਟੀਮ ਸਵੇਰੇ ਕਰੀਬ 4 ਵਜੇ ਸੇਠੀ ਦੇ ਘਰ ਪਹੁੰਚੀ। ਛਾਪੇਮਾਰੀ ਦੌਰਾਨ ਸਥਾਨਕ ਡੀ.ਐਸ.ਪੀ ਦੇ ਨਾਲ ਸਥਾਨਕ ਪੁਲਿਸ ਵੀ ਨਾਲ ਸੀ। ਸੇਠੀ ਦੀ ਗੈਰ-ਕਾਨੂੰਨੀ ਜਾਇਦਾਦ ਅਤੇ ਬੈਂਕ ਵੇਰਵਿਆਂ ਦੀ ਤਲਾਸ਼ੀ ਲਈ ਗਈ ਤੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਗੈਂਗਸਟਰ ਸੇਠੀ ਕਤਲ, ਫਿਰੌਤੀ ਸਮੇਤ ਕਈ ਹੋਰ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੈ। ਗੈਂਗਸਟਰ ਸੇਠੀ ਇਨ੍ਹੀਂ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਨਰੇਸ਼ ਸੇਠੀ ਦਾ ਨਾਂ ਲਾਰੈਂਸ ਬਿਸ਼ਰੋਈ ਅਤੇ ਹੋਰ ਗੈਂਗ ਨਾਲ ਵੀ ਜੁੜਿਆ ਰਿਹਾ ਹੈ।

ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਤੰਬਰ ਮਹੀਨੇ ਵਿੱਚ ਵੱਡੀ ਕਾਰਵਾਈ ਕੀਤੀ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਦੇਸ਼ ਦੇ ਕਈ ਸੂਬਿਆਂ 'ਚ 60 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। NIA ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ ਗਈ ਸੀ।

-PTC News

Related Post