GNDU 'ਚ ਸਥਾਪਤ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਭਲਕੇ

By  Jasmeet Singh October 5th 2022 03:25 PM

ਅੰਮ੍ਰਿਤਸਰ, 5 ਅਕਤੂਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਉੱਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ 6 ਅਕਤੂਬਰ, 2022 ਨੂੰ ਕੀਤਾ ਜਾਵੇਗਾ। ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਕੁਲਬੀਰ ਸਿੰਘ ਸੂਰੀ ਨੇ ਨਾਨਕ ਸਿੰਘ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਵਿਚ ਨਾਨਕ ਸਿੰਘ ਦੀਆਂ ਦੁਰਲੱਭ ਪੁਸਤਕਾਂ ਦੇ ਮੁੱਢਲੇ ਐਡੀਸ਼ਨ, ਹੱਥ ਲਿਖਤਾਂ, ਸਮੁੱਚਾ ਸਾਹਿਤ, ਉਨ੍ਹਾਂ ਨੂੰ ਮਿਲੇ ਵੱਖ ਵੱਖ ਸਨਮਾਨ, ਉਹਨਾਂ ਦਾ ਪੈੱਨ ਤੇ ਤਖ਼ਤੀ, ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਸਾਰੀਆਂ ਚੀਜ਼ਾਂ-ਵਸਤਾਂ, ਕਿਤਾਬਾਂ ਦੇ ਸਰਵਰਕਾਂ ਵੱਜੋਂ ਚਿੱਤਰਕਾਰ ਸੋਭਾ ਸਿੰਘ ਵੱਲੋਂ ਬਣਾਏ ਗਏ ਮੌਲਿਕ ਚਿੱਤਰ, ਉਨ੍ਹਾਂ ਦੀਆਂ ਤਸਵੀਰਾਂ, ਜੀਵਨ ਦਰਸ਼ਨ ਅਤੇ ਵੱਡੀ ਦੀਵਾਰ ਉੱਪਰ ਲਿਖੀ ਗਈ ਉਨ੍ਹਾਂ ਦੀ ਲਾਈਫ਼ ਲਾਈਨ ਆਦਿ ਸਾਰਾ ਕੁਝ ਸੁਰੱਖਿਅਤ ਰੱਖਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਖ਼ਜ਼ਾਨਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਅਤਿ ਲਾਹੇਵੰਦ ਸਾਬਿਤ ਹੋਵੇਗਾ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਦੇ ਸ਼੍ਰੋਮਣੀ ਨਾਵਲਕਾਰ ਨਾਨਕ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਸੈਂਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਤੀਜੀ ਮੰਜ਼ਿਲ 'ਤੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦਾ ਉਦਘਾਟਨੀ ਸਮਾਰੋਹ ਸੈਨੇਟ ਹਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 6 ਅਕਤੂਬਰ 2022 ਨੂੰ ਸਵੇਰੇ 11 ਵਜੇ ਕਰਾਇਆ ਜਾਵੇਗਾ।

ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਉੱਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਕਰਨਗੇ। ਇਸ ਮੌਕੇ ਨਾਨਕ ਸਿੰਘ ਜੀ ਦੇ ਪੋਤਰੇ ਨਵਦੀਪ ਸਿੰਘ ਸੂਰੀ (ਆਈਐਫ਼ਐਸ) ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਉਦੇਸ਼ ਬਾਰੇ ਵਿਚਾਰ ਪੇਸ਼ ਕਰਨਗੇ ਅਤੇ ਨਾਨਕ ਸਿੰਘ ਦੇ ਸਪੁੱਤਰ ਡਾ. ਕੁਲਬੀਰ ਸਿੰਘ ਸੂਰੀ ਨਾਨਕ ਸਿੰਘ ਦੇ ਜੀਵਨ ਅਤੇ ਸਖਸ਼ੀਅਤ ਨਾਲ ਸਬੰਧਤ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ। ਇਸ ਉਪਰੰਤ ਨਾਨਕ ਸਿੰਘ ਲਿਟਰੇਰੀ ਫਾਊਂਂਡੇਸ਼ਨ ਦੇ ਉਪ-ਚੇਅਰਮੈਨ ਜਤਿੰਦਰ ਬਰਾੜ (ਸੰਸਥਾਪਕ ਪੰਜਾਬ ਨਾਟਸ਼ਾਲਾ), ਕੰਵਲਜੀਤ ਸਿੰਘ ਸੂਰੀ ਅਤੇ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਸਮੂਹ ਸਰੋਤਿਆਂ ਨੂੰ ਮੁਖ਼ਾਤਿਬ ਹੋਣਗੇ।

ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ''ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਪਾਇਲਟ ਦੀ ਮੌਤ

ਇਸ ਦੌਰਾਨ ਨਾਨਕ ਸਿੰਘ ਦੇ ਜੀਵਨ ਨਾਲ ਸਬੰਧਿਤ ਵੀਡੀਓ ਵੀ ਦਿਖਾਈ ਜਾਵੇਗੀ। ਸਮਾਰੋਹ ਦੇ ਅਖ਼ੀਰ ਵਿਚ ਪ੍ਰੋ ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਇਸ ਸਮਾਰੋਹ ਦੀ ਸੰਪੂਰਨਤਾ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਵਿਦਵਾਨਾਂ, ਅਦੀਬਾਂ, ਸ਼ਹਿਰ ਦੇ ਪਤਵੰਤੇ ਸੱਜਣਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਹਾਰਦਿਕ ਸੱਦਾ ਦਿੱਤਾ ਹੈ।

-PTC News

Related Post