ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ-ਏ-ਖਾਲਸਾ ਦੇ ਕੀਤੇ ਦਰਸ਼ਨ

By  Pardeep Singh March 21st 2022 01:21 PM

ਸ੍ਰੀ ਆਨੰਦਪੁਰ ਸਾਹਿਬ: ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਹੋਲੇ ਮਹੱਲੇ ਮੌਕੇ ਵਿਸ਼ਵ ਪ੍ਰਸਿੱਧ ਪੰਜਾਬ ਸਰਕਾਰ ਵੱਲੋਂ ਸਥਾਪਿਤ ਸੂਬੇ ਦੀ ਅਨਮੋਲ ਧਰੋਹਰ ਅਤੇ ਦੁਨੀਆਂ ਦੇ ਅਜੂਬਿਆਂ ਵਿੱਚ ਸ਼ੁਮਾਰ ਹੋਣ ਵੱਲ ਲਗਾਤਾਰ ਵੱਧ ਰਿਹਾ ਵਿਰਾਸਤ ਏ ਖਾਲਸਾ ਆਈਆਂ ਸੰਗਤਾਂ ਦੀ ਖਾਸ ਖਿੱਚ ਦਾ ਆਕਰਸ਼ਨ ਰਿਹਾ । ਇਹੀ ਕਾਰਨ ਰਿਹਾ ਕਿ ਹੋਲੇ ਮਹੱਲੇ ਦੌਰਾਨ ਇੱਕ ਲੱਖ ਸੈਲਾਨੀਆਂ ਵੱਲੋਂ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ ਗਏ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਪ੍ਰਬੰਧਾਂ ਅਧੀਨ ਚਲਾਏ ਜਾ ਰਹੇ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਹੋਲੇ ਮਹੱਲੇ ਮੌਕੇ ਸੰਗਤਾਂ ਦੇ ਦਾਖਲੇ ਲਈ ਜਿੱਥੇ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਬਾਰਾਂ ਘੰਟੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਉੱਥੇ ਹੀ ਰਾਤ ਨੂੰ ਅੱਠ ਵਜੇ ਦਾਖ਼ਲ ਹੋਣ ਵਾਲੀਆਂ ਸੰਗਤਾਂ ਕਰੀਬ ਦਸ ਵਜੇ ਤਕ ਦਰਸ਼ਨ ਕਰਕੇ ਬਾਹਰ ਆਉਂਦੀਆਂ ਸਨ । ਇਹੀ ਕਾਰਨ ਹੈ ਕਿ ਹੋਲੇ ਮਹੱਲੇ ਦੌਰਾਨ ਇਸ ਮਹਾਨ ਸੰਸਥਾ ਦੇ ਸਟਾਫ ਵੱਲੋਂ ਪੰਦਰਾਂ ਪੰਦਰਾਂ ਘੰਟੇ ਤੱਕ ਡਿਊਟੀਆਂ ਦੇ ਕੇ ਦੂਰ ਦੁਰਾਡੇ ਪਹੁੰਚੀ ਵੱਧ ਤੋਂ ਵੱਧ ਸੰਗਤ ਨੂੰ ਵਿਰਾਸਤ ਏ ਖਾਲਸਾ ਦੇ ਨਿਰਵਿਘਨਤਾ ਸਹਿਤ ਦਰਸ਼ਨ ਕਰਵਾਉਣ ਲਈ ਸਾਰਥਕ ਯਤਨ ਕੀਤੇ ।

ਸੰਸਥਾ ਦੇ ਬੁਲਾਰੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੋਲੇ ਮਹੱਲੇ ਦੇ ਦਿਨਾਂ ਦੌਰਾਨ ਵੱਡੀਆਂ ਵੱਡੀਆਂ ਕਤਾਰਾਂ ਲਗਾ ਕੇ ਸੰਗਤਾਂ ਵੱਲੋਂ ਵਿਰਾਸਤ-ਏ-ਖਾਲਸਾ ਵਿਖੇ ਦਾਖਲਾ ਲੈਣ ਲਈ ਭਰਪੂਰ ਉਤਸ਼ਾਹ ਦਿਖਾਇਆ ਗਿਆ।

ਇਸ ਦੌਰਾਨ ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿਚ ਸੰਗਤਾਂ ਨੇ ਦਰਸ਼ਨ ਕੀਤੇ ਉਥੇ ਹੀ ਅਠਾਰਾਂ ਮਾਰਚ ਨੂੰ 22613 ਸੈਲਾਨੀਆਂ ਨੇ ਵਿਰਾਸਤ ਏ ਖਾਲਸਾ ਦੇ ਦਰਸ਼ਨ ਕਰਕੇ ਇਕ ਰਿਕਾਰਡ ਵੀ ਕਾਇਮ ਕੀਤਾ ।ਕਿਉਂਕਿ ਇਸ ਤੋਂ ਪਹਿਲਾਂ 22569 ਸੈਲਾਨੀ ਇਕ ਦਿਨ ਵਿਚ ਦਰਸ਼ਨ ਕਰ ਚੁੱਕੇ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਸਥਾ ਅੰਦਰ ਦੋ ਸੌ ਤੋਂ ਵੱਧ ਮੁਲਾਜ਼ਮਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪੂਰੀ ਸ਼ਿੱਦਤ ਦੇ ਨਾਲ ਪੰਦਰਾਂ ਪੰਦਰਾਂ ਘੰਟੇ ਤੱਕ ਡਿਊਟੀ ਨਿਭਾ ਕੇ ਇਸ ਕੌਮੀ ਤਿਓਹਾਰ ਹੋਲੇ ਮਹੱਲੇ ਨੂੰ ਯਾਦਗਾਰੀ ਬਣਾਉਣ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਮਹਾਨ ਵਿਰਾਸਤ ਏ ਖਾਲਸਾ ਦੇ ਦਰਸ਼ਨ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਇਹ ਵੀ ਪੜ੍ਹੋ:ਕੋਲਾ ਸੰਕਟ : ਪੰਜਾਬ ਪਾਵਰਕਾਮ ਨੇ ਬਾਹਰ ਤੋਂ ਮਹਿੰਗੇ ਭਾਅ 'ਚ ਖ਼ਰੀਦੀ ਬਿਜਲੀ

-PTC News

Related Post