ਕੈਬਿਨਟ ਵਿੱਚੋਂ ਕੱਢੇ ਮੰਤਰੀਆਂ ਨੇ ਖੋਲ੍ਹਿਆ ਮੋਰਚਾ, "ਸਾਡੇ ਨਾਲ ਹੋਈ ਨਾ-ਇਨਸਾਫ਼ੀ"

By  Riya Bawa September 26th 2021 03:14 PM

ਚੰਡੀਗੜ੍ਹ - ਕੈਬਨਿਟ ਮੰਤਰੀ ਵਜੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਕਾਂਗਰਸੀ ਨੇਤਾ ਬਲਬੀਰ ਸਿੰਘ ਸਿੱਧੂ ਨੇ ਐਤਵਾਰ (26 ਸਤੰਬਰ) ਨੂੰ ਕਾਂਗਰਸ ਹਾਈਕਮਾਨ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਕਾਰਨ ਦੱਸਣ ਲਈ ਕਿਹਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਦਿਨ ਰਾਤ ਮਿਹਨਤ ਕੀਤੀ।

ਪ੍ਰੈਸ ਕਾਨਫ਼ਰੰਸ ਕਰਦੇ ਹੋਏ ਭਾਵੁਕ ਹੋਏ ਮੰਤਰੀ ਅਹੁਦੇ ਤੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਮਿਹਨਤ ਕੀਤੀ ਤੇ ਉਹ ਹਾਈਕਮਾਂਡ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਸੀ?

ਉਨ੍ਹਾਂ ਨੇ ਕਿਹਾ ਕਿ ਪਿਛਲੇ 28 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਫਾਂਸੀ ਦੇਣ ਲੱਗੇ ਵੀ ਆਖ਼ਰੀ ਇੱਛਾ ਪੁੱਛੀ ਜਾਂਦੀ ਆ ਜਾਂ ਕਸੂਰ ਦਸਿਆ ਜਾਂਦਾ ਹੈ। ਬਲਬੀਰ ਸਿੱਧੂ ਨੇ ਕਾਰਜਕਾਲ ਦੌਰਾਨ ਕੀਤੀਆਂ ਭਰਤੀਆਂ ਦਾ ਬਿਓਰਾ ਦਿੱਤਾ।ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਮਹਾਂਮਾਰੀ ਦੇ ਦੌਰਾਨ ਲਗਭਗ 1 ਕਰੋੜ 43 ਲੱਖ ਨਮੂਨੇ ਲਏ ਸਨ। ਅੱਗੇ ਕਿਹਾ ਕਿ “ਅਸੀਂ ਕੋਵਿਡ -19 ਨੂੰ ਸਮੇਂ ਸਿਰ ਨਿਯੰਤਰਿਤ ਕੀਤਾ ਜਦੋਂ ਕਿ ਦਿੱਲੀ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਰਹੀ।” ਉਨ੍ਹਾਂ ਕਿਹਾ, “ਪੀਐਮ ਮੋਦੀ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਕੀਤੇ ਮੇਰੇ ਕੰਮ ਦੀ ਵੀ ਸ਼ਲਾਘਾ ਕੀਤੀ।

ਸਿੱਧੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਨਾਲ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਜਲੀਲ ਕਰਕੇ ਮੰਤਰੀ ਅਹੁਦੇ ਤੋਂ ਹਟਾਇਆ ਗਿਆ।" ਫਤਿਹ ਕਿੱਟ ਘੁਟਾਲੇ ਦਾ ਜ਼ਿਕਰ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਤਤਕਾਲੀ ਮੁੱਖ ਸਕੱਤਰ "ਵਿਨੀ ਮਹਾਜਨ ਨੇ ਫਤਹਿ ਕਿੱਟ ਦੇ ਮਾਮਲੇ ਵਿੱਚ ਸਾਰੇ ਫੈਸਲੇ ਲਏ ਸਨ, ਇਸ ਲਈ ਉਨ੍ਹਾਂ ਨੂੰ ਇਸ ਬਾਰੇ ਪੁੱਛੋ।" ਇਸ ਦੌਰਾਨ ਗੁਰਪੀਤ ਸਿੰਘ ਕਾਂਗੜ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਚਪੜਾਸੀ ਨੂੰ ਵੀ ਤਬਦੀਲ ਕਰਨ ਦੀ ਸ਼ਕਤੀ ਨਹੀਂ ਸੀ।

 

-PTC News

Related Post