ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਅਮਨ ਤੇ ਕਨੂੰਨ ਦਾ ਨਿਕਲਿਆ ਜਨਾਜਾ : ਸੁਰਜੀਤ ਸਿੰਘ ਰੱਖੜਾ

By  Jashan A November 15th 2019 06:26 PM

ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਅਮਨ ਤੇ ਕਨੂੰਨ ਦਾ ਨਿਕਲਿਆ ਜਨਾਜਾ : ਸੁਰਜੀਤ ਸਿੰਘ ਰੱਖੜਾ

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਦਰਜ ਹੋਏ ਪਰਚੇ ਦੇ ਦੋਸ਼ੀ ਨਹੀਂ ਹੋਏ ਗ੍ਰਿਫਤਾਰ

ਥਾਣਿਆਂ ਨੂੰ ਪੁਲਿਸ ਅਫ਼ਸਰ ਨਹੀਂ ਸਗੋਂ ਚਲਾ ਰਹੇ ਹਨ ਕਾਂਗਰਸੀ ਨੇਤਾ

ਪਟਿਆਲਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਪਟਿਆਲਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਦੇ ਆਪਣੇ ਜਿਲ੍ਹੇ ਪਟਿਆਲੇ ਵਿਚ ਇਸ ਸਮੇਂ ਅਮਨ ਤੇ ਕਾਨੂੰਨ ਦਾ ਜਨਾਜਾ ਨਿਕਲਿਆ ਹੋਇਆ ਹੈ ਅਤੇ ਪੁਲਿਸ ਥਾਣਿਆਂ ਨੂੰ ਅਫ਼ਸਰਾਂ ਦੀ ਬਜਾਏ ਕਾਂਗਰਸੀ ਨੇਤਾ ਚਲਾ ਰਹੇ ਹਨ ਜਿਸ ਕਾਰਨ ਜ਼ਿਲ੍ਹੇ 'ਚ ਇਸ ਵਕਤ ਜੰਗਲ ਰਾਜ ਤੋਂ ਵੀ ਬਦਤਰ ਹਾਲਾਤ ਬਣੇ ਹੋਏ ਹਨ।

ਸੁਰਜੀਤ ਰੱਖੜਾ ਨੇ ਆਖਿਆ ਕਿ ਅਸੀਂ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਰੌਲਾ ਪਾ ਰਹੇ ਹਾਂ ਕਿ ਅਕਾਲੀ ਵਰਕਰਾਂ ਤੇ ਆਮ ਲੋਕਾਂ 'ਤੇ ਪੁਲਿਸ ਤਸ਼ਦਦ ਕਰ ਰਹੀ ਹੈ, ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਇਥੇ ਤੱਕ ਕਿ ਹੁਣ ਪਿੰਡ ਫਤਿਹ ਮਾਜਰੀ ਵਿਖੇ ਪੁਲਿਸ ਦੇ ਸਤਾਏ ਹੋਏ ਲੋਕ ਜਦੋਂ ਹਾਈ ਕੋਰਟ ਦੀ ਸ਼ਰਨ ਵਿਚ ਪੁੱਜੇ ਤਾਂ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ ਦੌਰਾਨ ਥਾਣਾ ਮੁਖੀ ਜਿੱਥੇ ਮੁਅੱਤਲ ਹੋਇਆ ਉਥੇ ਦੋਸ਼ੀ ਲੋਕਾਂ ਖਿਲਾਫ਼ ਵੀ ਕੇਸ ਦਰਜ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਇਕ ਕੇਸ ਹੈ, ਅਜਿਹੇ ਹੋਰ ਦਰਜਨਾਂ ਕੇਸ ਹਨ ਜਿਨ੍ਹਾਂ ਵਿਚ ਲੋਕ ਪੁਲਸ ਤੋਂ ਤੰਗ ਬੈਠੇ ਹਨ ਤੇ ਹੁਣ ਸਾਰੇ ਸਬੂਤਾਂ ਸਮੇਤ ਇਨ੍ਹਾਂ ਕੇਸਾਂ ਨੂੰ ਲੈ ਕੇ ਹਾਈ ਕੋਰਟ ਦੀ ਸ਼ਰਨ ਵਿਚ ਜਾਇਆ ਜਾਵੇਗਾ।

ਰੱਖੜਾ ਨੇ ਕਿਹਾ ਕਿ ਜੂਨ 2019 ਵਿਚ ਕਾਂਗਰਸੀ ਗੁੰਡੇ ਇੱਕ ਵਿਧਵਾ ਅਤੇ ਉਸ ਦੀ ਅੱਠ ਸਾਲ ਦੀ ਧੀ ਦੀ ਘਰ ਜਾ ਕੇ ਮਾਰਕੁੱਟ ਕਰਦੇ ਹਨ ਤੇ ਉਸ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਦੇ ਹਨ ਤੇ ਪੁਲਸ ਉਲਟਾ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਵਿਧਵਾ ਤੇ ਉਸ ਦੀ ਅੱਠ ਸਾਲ ਦੀ ਧੀ ਨੂੰ ਧਮਕੀਆਂ ਦਿੰਦੀ ਹੈ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਚੁੱਪੀ ਧਾਰ ਲੈਂਦੇ ਹਨ।

ਹੋਰ ਪੜ੍ਹੋ: ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ 2 ਔਰਤਾਂ ਨੂੰ ਮੰਦਿਰ 'ਚ ਵੜਨ ਨਹੀਂ ਦਿੱਤਾ , ਲਿਆ ਵਾਪਸ ਮੁੜਨ ਦਾ ਫ਼ੈਸਲਾ

ਉਨ੍ਹਾਂ ਆਖਿਆ ਕਿ ਐਸ.ਐਚ.ਓ. ਨੂੰ ਹਾਈਕੋਰਟ ਦੇ ਡੰਡੇ ਦੇ ਡਰ ਤੋਂ ਮੁਅੱਤਲ ਕਰਕੇ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਹੈ ਪਰ ਅਜੇ ਤਕ ਪਰਜਾ ਦਰਜ ਕਰਨ ਤੋਂ ਬਾਅਦ ਦੋਸ਼ੀ ਸਰੇਆਮ ਖੁੱਲ੍ਹੇ ਘੁੰਮ ਰਹੇ ਹਨ ਤੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ ਤੇ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜਿੱਥੇ ਹਾਈ ਕੋਰਟ ਜਾਇਆ ਜਾਵੇਗਾ ਉਥੇ ਧਰਨਾ ਵੀ ਲਾਇਆ ਜਾਵੇਗਾ।

ਸੁਰਜੀਤ ਰੱਖੜਾ ਨੇ ਆਖਿਆ ਕਿ ਅਸਲ ਵਿਚ ਥਾਣਿਆਂ ਨੂੰ ਅਫ਼ਸਰ ਨਹੀਂ ਕਾਂਗਰਸੀ ਨੇਤਾ ਚਲਾ ਰਹੇ ਹਨ ਤੇ ਪੁਲਸ ਹਾਈ ਕੋਰਟ ਨੂੰ ਟਿੱਚ ਸਮਝ ਰਹੀ ਹੈ। ਉਨ੍ਹਾਂ ਆਖਿਆ ਕਿ ਥਾਣਾ ਮੁਖੀ ਨੂੰ ਮੁਅੱਤਲ ਕਰਕੇ ਸਿਰਫ਼ ਹਾਈ ਕੋਰਟ ਦੀਆਂ ਅੱਖਾਂ ਵਿਚ ਘੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਦੋਸ਼ੀ ਅੱਜ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਰੱਖੜਾ ਨੇ ਆਖਿਆ ਕਿ ਪਰਿਵਾਰ ਮੁੜ ਇਸ ਕੇਸ ਨੂੰ ਲੈ ਕੇ ਹਾਈ ਕੋਰਟ ਜਾਵੇਗਾ ਤਾਂ ਜੋ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਕੇਸ ਨੂੰ ਕਾਂਗਰਸ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ।

ਸੁਰਜੀਤ ਰੱਖੜਾ ਨੇ ਆਖਿਆ ਕਿ ਇੱਥੇ ਹੀ ਬੱਸ ਨਹੀਂ ਪਸਿਆਣਾ ਥਾਣੇ ਵਿਚ ਅਕਾਲੀ ਵਰਕਰਾਂ 'ਤੇ ਕਈ ਕੇਸ ਦਰਜ ਹੋਏ। ਇਕ ਕੇਸ ਵਿਚ ਜਦੋਂ ਪੀੜ੍ਹਤ ਹਾਈ ਕੋਰਟ ਗਿਆ ਤਾਂ ਉਸ ਤੋਂ ਇਕ ਸਾਲ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਜੇਕਰ ਸੀ.ਐਮ. ਦੇ ਜ਼ਿਲ੍ਹੇ ਵਿਚ ਹੀ ਪੁਲਸ ਅਫ਼ਸਰਾਂ ਨੇ ਜੰਗਲ ਰਾਜ ਬਣਾ ਦਿੱਤਾ ਹੈ ਤਾਂ ਬਾਕੀ ਪੰਜਾਬ ਵਿਚ ਕੀ ਆਸ ਰੱਖੀ ਜਾ ਸਕਦੀ ਹੈ।

ਉਨ੍ਹਾਂ ਆਖਿਆ ਕਿ ਸਾਡੇ ਮਾਰਕਿਟ ਕਮੇਟੀ ਡਕਾਲਾ ਦੇ ਸਾਬਕਾ ਚੇਅਰਮੈਨ 'ਤੇ ਜ਼ਮੀਨ ਵਿਚ ਅੱਗ ਲਾਉਣ ਨੂੰ ਲੈ ਕੇ ਪਰਚਾ ਦਰਜ ਕੀਤਾ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਮਲਕੀਤ ਸਿੰਘ ਦੀ ਜ਼ਮੀਨ ਵਿਚ ਅੱਗ ਲੱਗੀ ਹੀ ਨਹੀਂ ਤੇ ਉਸਦੀ ਜ਼ਮੀਨ ਵਿਚ ਇਸ ਸਮੇਂ ਕਣਕ ਵੀ ਲਗਾ ਦਿੱਤੀ ਗਈ ਹੈ ਤੇ ਪੁਲਿਸ ਨੇ ਕਣਕ ਲੱਗੀ ਹੋਈ ਵਿਚ ਪਰਾਲੀ ਸਾੜਨ ਦਾ ਕੇਸ ਦਰਜ ਕਰ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਡਰੋਲਾ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਖਿਲਾਫ਼ ਵੀ ਬਿਨਾਂ ਮਤਲਬ ਤੋਂ ਕੇਸ ਦਰਜ ਕਰ ਦਿੱਤਾ ਗਿਆ ਜਦੋਂ ਕਿ ਉਸ ਨੂੰ ਸਾਰੇ ਕੇਸਾਂ ਵਿਚ ਕਾਂਗਰਸ ਸਰਕਾਰ ਵੇਲੇ ਹੀ ਕਲੀਅਰੈਂਸ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਾੜਪੁਰ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਤੇ ਉਸ ਦੇ ਖਿਲਾਫ਼ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਕਰਵਾਏ ਹੋਏ ਹਨ ਜੋ ਕਿ ਗੁੰਡਾਰਾਜ ਦੀ ਨਿਸ਼ਾਨੀ ਹੈ।

-PTC News

Related Post