ਡੇਂਗੂ ਦੀ ਮਾਰ ਝੱਲ ਰਹੇ ਪਟਿਆਲਾ ਜ਼ਿਲ੍ਹੇ ’ਤੇ ਹੁਣ ਇਸ ਚੀਜ਼ ਦਾ ਮੰਡਰਾਉਣ ਲੱਗਾ ਖ਼ਤਰਾ

By  Joshi October 16th 2018 08:07 AM -- Updated: October 16th 2018 08:09 AM

ਡੇਂਗੂ ਦੀ ਮਾਰ ਝੱਲ ਰਹੇ ਪਟਿਆਲਾ ਜ਼ਿਲ੍ਹੇ ’ਤੇ ਹੁਣ ਇਸ ਚੀਜ਼ ਦਾ ਮੰਡਰਾਉਣ ਲੱਗਾ ਖ਼ਤਰਾ

ਪਟਿਆਲਾ: ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਡੇਂਗੂ ਦੇ ਡੰਗ ਦੀ ਮਾਰ ਝੱਲ ਰਹੇ ਪਟਿਆਲਾ ਜ਼ਿਲ੍ਹੇ ’ਤੇ ਹੁਣ ਸਵਾਈਨ ਫਲੂ ਦਾ ਖ਼ਤਰਾ ਵੀ ਮੰਡਰਾਉਣ ਲੱਗਾ ਹੈ। ਪੰਜਾਬ ਭਰ ਵਿੱਚੋਂ ਇਸ ਵਾਰ ਸਵਾਈਨ ਫਲੂ ਨੇ ਪਟਿਆਲਾ ਵਿੱਚ ਹੀ ਦਸਤਕ ਦਿੱਤੀ ਹੈ। ਪੰਜਾਬ ਦੇ ਕਿਸੇ ਹੋਰ ਇਲਾਕੇ ’ਚੋਂ ਸਵਾਈਨ ਫਲੂ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਹੈ।

ਪਟਿਆਲਾ ਵਿੱਚ ਅਜਿਹੇ ਦੋ ਮਰੀਜ਼ਾਂ ਦੀ ਤਾਂ ਪੁਸ਼ਟੀ ਵੀ ਹੋ ਚੁੱਕੀ ਹੈ ਤੇ ਛੇ ਹੋਰ ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ। ਉਂਝ ਸਵਾਈਨ ਫਲੂ ਦੇ ਦੋਵੇਂ ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਉਧਰ ਡੇਂਗੂ ਦੇ ਪੰਜਾਬ ਵਿਚਲੇ 3225 ਮਰੀਜ਼ਾਂ ’ਚੋਂ ਸਭ ਤੋਂ ਵੱਧ 1240 ਮਰੀਜ਼ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਨਾਭਾ ਖੇਤਰ ’ਚ ਸਵਾਈਨ ਫਲੂ ਦੀ ਲਪੇਟ ਵਿੱਚ ਆਈ ਪੰਜਾਹ ਸਾਲਾ ਮਹਿਲਾ ਪੰਜਾਬ ਦੀ ਪਹਿਲੀ ਮਰੀਜ਼ ਵਜੋਂਂ ਸਾਹਮਣੇ ਆਈ ਸੀ।

ਪੰਜਾਬ ਦਾ ਦੂਜਾ ਮਰੀਜ਼ ਵੀ ਪਟਿਆਲਾ ਦੇ ਹੀ ਸ਼ੁਤਰਾਣਾ ਖੇਤਰ ਨਾਲ ਸਬੰਧਤ ਹੈ। ਇਸ ਵਿਅਕਤੀ ਦਾ ਇੱਥੋਂ ਦੇ ਹੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ, ਜਦਕਿ ਮਹਿਲਾ ਦਾ ਇਲਾਜ ਰਾਜਿੰਦਰਾ ਹਸਪਤਾਲ ’ਚ ਹੋਇਆ। ਹਾਲਤ ਨਾਜ਼ੁਕ ਹੋਣ ਕਾਰਨ ਉਹ ਕਈ ਦਿਨ ਵੈਂਟੀਲੇਟਰ ’ਤੇ ਵੀ ਰਹੀ, ਪਰ ਦੋਵਾਂ ਨੂੰ ਹੁਣ ਛੁੱਟੀ ਮਿਲ ਚੁੱਕੀ ਹੈ।

ਡਾਕਟਰਾਂ ਮੁਤਾਬਿਕ ਸਵਾਈਨ ਫਲੂ ਦਾ ਪ੍ਰਕੋਪ ਦਸੰਬਰ ਤੋਂ ਮਾਰਚ ਤੱਕ ਰਹਿੰਦਾ ਹੈ, ਪਰ ਇਹ ਮਰੀਜ਼ ਅਗਾਊਂ ਹੀ ਲਪੇਟ ’ਚ ਆ ਗਏ। ਪਿਛਲੇ ਸਾਲ ਸਵਾਈਨ ਫਲੂ ਨਾਲ ਪਟਿਆਲਾ ’ਚ ਪੰਜ ਮੌਤਾਂ ਵੀ ਹੋਈਆਂ ਸਨ।

—PTC News

Related Post