ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸਦੇ 15 ਨਵੇਂ ਕੇਸ ਆਏ ਸਾਹਮਣੇ, ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਹੋਈ 26

By  Shanker Badra April 18th 2020 07:00 PM

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸਦੇ 15 ਨਵੇਂ ਕੇਸ ਆਏ ਸਾਹਮਣੇ, ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਹੋਈ 26:ਪਟਿਆਲਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਪਟਿਆਲੇ ਵਿੱਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਅੱਜ 15 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ 26 ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਕੋਰੋਨਾ ਪੀੜਤ ਪੁਸਤਕ ਵਿਕਰੇਤਾ ਦੇ ਪਰਿਵਾਰ ਦੇ 3 ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਉਸਦੇ ਗੁਆਂਢੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਇਲਾਵਾ ਰਾਜਪੁਰਾ ਵਾਲੀ ਕੋਰੋਨਾ ਪੀੜਤ ਬੁਜ਼ਰਗ ਔਰਤ ਜੋ ਕੱਲ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ,ਅੱਜ ਉਸ ਦੇ 6 ਪਰਿਵਾਰਕ ਮੈਂਬਰਾਂ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਹੜਕੰਪ ਮਚ ਗਿਆ ਹੈ।

ਦੱਸਣਯੋਗ ਹੈ ਕਿ ਬੀਤੀ ਰਾਤ ਸਫਾਬਾਦੀ ਗੇਟ ਦੇ ਪਾਜ਼ੀਟਿਵ ਵਿਅਕਤੀ ਦੇ ਸੰਪਰਕ 'ਚ ਆਏ ਕਿਤਾਬਾਂ ਵਾਲੇ ਬਜ਼ਾਰ 'ਚ ਰਹਿਣ ਵਾਲੇ 52 ਸਾਲਾ ਪੁਸਤਕ ਵਿਕਰੇਤਾ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਆਉਣ 'ਤੇ ਰੈਪਿਡ ਰਿਸਪਾਂਸ ਟੀਮਾਂ ਵਲੋਂ ਉਸ ਦੀ ਪਤਨੀ ਅਤੇ ਦੋਨੋਂ ਬੱਚਿਆਂ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਸੀ। ਜਿਸ ਉਪਰੋਕਤ ਵਿਕਰੇਤਾ ਦੀ ਪਤਨੀ ਅਤੇ ਦੋ ਬੇਟਿਆਂ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਸੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 234 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 57 , ਜਲੰਧਰ – 41, ਪਟਿਆਲਾ – 26 , ਪਠਾਨਕੋਟ – 24 , ਨਵਾਂਸ਼ਹਿਰ – 19 ,ਲੁਧਿਆਣਾ – 15, ਅੰਮ੍ਰਿਤਸਰ – 11 , ਮਾਨਸਾ – 11, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਕਪੂਰਥਲਾ – 2 , ਗੁਰਦਾਸਪੁਰ- 2 , ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 16 ਮੌਤਾਂ ਹੋ ਚੁੱਕੀਆਂ ਹਨ ਅਤੇ 31 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post