ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 24 ਹੋਰ ਨਵੇਂ ਮਾਮਲੇ ਆਏ ਸਾਹਮਣੇ, ਪੰਜਾਬ 'ਚ ਮਰੀਜ਼ਾਂ ਦਾ ਅੰਕੜਾ 600 ਤੋਂ ਪਾਰ

By  Shanker Badra May 1st 2020 08:03 PM

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 24 ਹੋਰ ਨਵੇਂ ਮਾਮਲੇ ਆਏ ਸਾਹਮਣੇ, ਪੰਜਾਬ 'ਚ ਮਰੀਜ਼ਾਂ ਦਾ ਅੰਕੜਾ 600 ਤੋਂ ਪਾਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸ੍ਰੀ ਹਜ਼ੂਰ ਸਾਹਿਬ ਅਤੇ ਬਾਹਰਲੇ ਸੂਬਿਆਂ ਤੋਂ ਪਰਤੇ ਲੋਕਾਂ ਨੂੰ ਬਿਨ੍ਹਾਂ ਇਕਾਂਤਵਾਸ ਕੀਤੇ ਘਰ -ਘਰ ਪਹੁੰਚਾਉਣਾ ਬਹੁਤ ਮਹਿੰਗਾ ਪੈ ਗਿਆ ਹੈ ਅਤੇ ਉਨ੍ਹਾਂ ਦੇ ਲਗਾਤਾਰ ਪਾਜ਼ੀਟਿਵ ਪਾਏ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਜਿਸ ਨਾਲ ਪੰਜਾਬ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ।

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੀ ਜਾਂਚ ਲਈ ਨਾਂਦੇੜ ਸਾਹਿਬ ਤੋਂ ਪਰਤੇ 95 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿਚੋਂ 24 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ,ਜਦਕਿ 71 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਸਿਹਤ ਵਿਭਾਗ ਵਲੋਂ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਪੀੜਤ ਹੋਣ ਵਾਲੇ ਵਿਅਕਤੀ ਨਾਂਦੇੜ ਸਾਹਿਬ ਤੋਂ ਪਰਤੇ ਸਨ। ਇਨ੍ਹਾਂ ਕੇਸਾਂ ਨਾਲ ਪਟਿਆਲਾ ਜਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 89 ਹੋ ਗਈ ਹੈ। ਇਸ ਦੀ ਪੁਸ਼ਟੀ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲੋਹਤਰਾ ਨੇ ਕੀਤੀ ਹੈ।

ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕੋਰੋਨਾ ਪਾਜ਼ੀਟਿਵ ਦੇ 9 ਮਰੀਜ਼ ਹੋਰ ਆਉਣ ਨਾਲ ਕੋਵਿਡ -19 ਮਰੀਜ਼ਾਂ ਦੀ ਕੁਲ ਗਿਣਤੀ 26 ਹੋ ਗਈ ਹੈ। ਇਹ ਪੁਸ਼ਟੀ ਕਰਦਿਆ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੋਰ ਵੀ ਸੈਂਪਲ ਭੇਜੇ ਗਏ ਹਨ ਤੇ ਮਰੀਜ਼ਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਤਹਿਤ ਅੱਜ ਸ਼ਾਮ ਤੱਕ 3 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 93 ਹੋ ਗਈ ਹੈ। ਜਿਨ੍ਹਾਂ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 79 ਹੋ ਗਈ ਹੈ। ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਦਸਿਆ ਕਿ ਅਜੇ ਹੋਰ ਰਿਪੋਰਟਾਂ ਦੇ ਨਤੀਜੇ ਮਿਲਣੇ ਬਾਕੀ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 621 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਜਲੰਧਰ – 105, ਮੋਹਾਲੀ – 92 , ਅੰਮ੍ਰਿਤਸਰ – 93 , ਪਟਿਆਲਾ – 89, ਲੁਧਿਆਣਾ – 76, ਪਠਾਨਕੋਟ – 25 , ਫਿਰੋਜ਼ਪੁਰ - 26, ਨਵਾਂਸ਼ਹਿਰ – 23 , ਤਰਨ ਤਾਰਨ -14 , ਮਾਨਸਾ – 13,  ਕਪੂਰਥਲਾ – 12 , ਹੁਸ਼ਿਆਰਪੁਰ – 11 , ਫਰੀਦਕੋਟ – 6 , ਸੰਗਰੂਰ – 6 , ਮੋਗਾ – 6 , ਰੋਪੜ – 5 , ਗੁਰਦਾਸਪੁਰ- 4 , ਸ੍ਰੀ ਮੁਕਤਸਰ ਸਾਹਿਬ – 4 , ਫਾਜ਼ਿਲਕਾ - 4 , ਫਤਿਹਗੜ੍ਹ ਸਾਹਿਬ – 3 , ਬਰਨਾਲਾ – 2 , ਬਠਿੰਡਾ -2 , ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 20 ਮੌਤਾਂ ਹੋ ਚੁੱਕੀਆਂ ਹਨ ਅਤੇ 108 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post