ਪੱਕੇ ਮੋਰਚੇ 'ਤੇ ਬੈਠੇ ਅਧਿਆਪਕਾਂ ਨੇ ਦੀਵਾਲੀ ਵਾਲੇ ਦਿਨ ਸਜੇ ਬਾਜ਼ਾਰਾਂ ਵਿਚ ਕੀਤਾ ਅਨੌਖਾ ਰੋਸ ਪ੍ਰਦਰਸ਼ਨ

By  Shanker Badra November 7th 2018 01:42 PM -- Updated: November 7th 2018 01:55 PM

ਪੱਕੇ ਮੋਰਚੇ 'ਤੇ ਬੈਠੇ ਅਧਿਆਪਕਾਂ ਨੇ ਦੀਵਾਲੀ ਵਾਲੇ ਦਿਨ ਸਜੇ ਬਾਜ਼ਾਰਾਂ ਵਿਚ ਕੀਤਾ ਅਨੌਖਾ ਰੋਸ ਪ੍ਰਦਰਸ਼ਨ:ਪਟਿਆਲਾ : ਪੰਜਾਬ ਕੈਬਨਿਟ ਵੱਲੋਂ ਪਿਛਲੇ 10 ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ 8886 ਐੱਸ. ਐੱਸ. ਏ/ਰਮਸਾ, ਅਾਦਰਸ਼ ਤੇ ਮਾਡਲ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੀ ਆੜ ’ਚ ਮੌਜੂਦਾ ਮਿਲ ਰਹੀਆਂ ਤਨਖਾਹਾਂ ’ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।ਇਸ ਫੈਸਲੇ ਖਿਲਾਫ਼ ਤੇ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਪਟਿਆਲਾ ਵਿਖੇ ‘ਸਾਂਝਾ ਅਧਿਆਪਕ ਮੋਰਚਾ’ ਦੀ ਅਗਵਾਈ ਹੇਠ ਅਧਿਆਪਕਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ ,ਜੋ ਅੱਜ 32ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ।

ਪੰਜਾਬ ਦੀ ਜ਼ਾਲਮ ਸਰਕਾਰ ਦੀਆਂ ਅਧਿਆਪਕ ਤੇ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਚੱਲ ਰਹੇ "ਪੱਕੇ ਮੋਰਚੇ" ਵਿੱਚ ਤਿਉਹਾਰਾਂ ਨੂੰ ਸੰਘਰਸ਼ੀ ਰੰਗ ਦੇਣ ਦੀ ਰੀਤ ਤਹਿਤ ਅੱਜ ਦੀਵਾਲੀ ਵਾਲੇ ਦਿਨ ਨੂੰ ਰੋਸ ਵਜੋਂ ਕਾਲੀ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।ਅੱਜ ਲੜੵੀਵਾਰ ਭੁੱਖ ਹੜਤਾਲ 'ਤੇ ਹੇਠ ਲਿਖੇ ਅਧਿਆਪਕ ਜੋੜੇ (ਪਤੀ-ਪਤਨੀ) ਬੈਠੇ ਹਨ।

1. ਹਰਦੀਪ ਟੋਡਰਪੁਰ ਅਤੇ ਮਨਦੀਪ ਟੋਡਰਪੁਰ

2. ਵਿਕਰਮ ਦੇਵ ਸਿੰਘ ਅਤੇ ਸੋਨੀਆ

3. ਗਗਨ ਰਾਣੂ ਅਤੇ ਹਰਪ੍ਰੀਤ ਰਾਣੂ

4. ਹਰਮੇਸ਼ ਕਟਾਰੀਆ ਅਤੇ ਜੋਤੀ ਬਾਲਾ

5 ਅਮਨ ਵਸ਼ਿਸਟ ਅਤੇ ਮੋਨਿਕਾ ਸ਼ਰਮਾ

6. ਗੁਰਵਿੰਦਰ ਸਿੰਘ ਅਤੇ ਪਰਮਜੀਤ ਕੌਰ

7. ਸੁਰਿੰਦਰ ਸਿੰਘ ਅਤੇ ਭੁਪਿੰਦਰ ਕੌਰ

8 ਨਿਰਮਲ ਜੀਤ ਸਿੰਘ ਅਤੇ ਅਮਨਜੋਤ ਕੌਰ

9. ਗੁਰਦੀਪ ਸਿੰਘ ਅਤੇ ਮਨਦੀਪ ਕੌਰ

10 ਸੁਖਵੀਰ ਸਿੰਘ ਅਤੇ ਗੁਰਮੀਤ ਕੌਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੱਲਬਾਤ ਕਰਨ ਤੋਂ ਇਨਕਾਰ ਕਰਨ 'ਤੇ ਨਾਰਾਜ਼ ਅਧਿਆਪਕਾਂ ਨੇ ਅੱਜ ਦੀਵਾਲੀ ਵਾਲੇ ਦਿਨ ਸਜੇ ਬਾਜ਼ਾਰਾਂ ਵਿਚ ਕਾਲੇ ਚੋਲੇ ਪਹਿਣ ਕੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਹੈ।ਇਹ ਪ੍ਰਦਰਸ਼ਨ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਸਮੇਤ 7 ਮੁੱਖ ਕੇਂਦਰਾਂ ਵਿਚ ਕੀਤਾ ਜਾ ਰਿਹਾ ਹੈ।ਇਸ ਰੋਸ ਪ੍ਰਦਰਸ਼ਨ ਵਿੱਚ ਅਧਿਆਪਕਾਂ ਨੇ ਪਰਿਵਾਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ ਹੈ।

ਦੱਸਣਯੋਗ ਹੈ ਕਿ ਸਾਂਝਾ ਅਧਿਆਪਕ ਮੋਰਚੇ ਅਧੀਨ 26 ਅਧਿਆਪਕ ਜਥੇਬੰਦੀਆਂ ਵੱਲੋਂ ਇੱਥੇ 7 ਅਕਤੂਬਰ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ,ਜਿਸ ਵਿਚ ਰੋਜ਼ ਹੀ ਰੋਸ ਰੈਲੀਆਂ ਦੌਰਾਨ ਅਧਿਆਪਕ ਆਗੂ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਨੂੰ ਕੋਸ ਰਹੇ ਹਨ।ਮੋਰਚੇ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਦਾ ਸਾਰਥਕ ਹੱਲ ਨਾ ਹੋਣ ‘ਤੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲੈ ਕੇ ਜਾਣ ਲਈ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੰਦੋਲਨਕਾਰੀ ਅਧਿਆਪਕਾਂ ਨਾਲ ਗੱਲਬਾਤ ਤੋਂ ਨਾਂਹ ਕਰ ਦਿੱਤੀ ਗਈ ਸੀ।ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਗੱਲ ਕਹੀ ਹੈ ਕਿ ਪਹਿਲਾਂ ਪਟਿਆਲਾ 'ਚ ਲੱਗਿਆ ਆਪਣਾ ਧਰਨਾ ਖਤਮ ਕਰੋ, ਉਸ ਤੋਂ ਬਾਅਦ ਹੀ ਕੋਈ ਗੱਲਬਾਤ ਕੀਤੀ ਜਾਵੇਗੀ।

-PTCNews

Related Post