ਪੱਟੀ ਬਣਿਆ 100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ

By  Riya Bawa September 16th 2021 04:39 PM -- Updated: September 16th 2021 04:45 PM

ਤਰਨਤਾਰਨ- ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਖਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ ਅਤੇ ਇਸ ਜ਼ਿਲ੍ਹੇ ਦਾ ਸ਼ਹਿਰ ਪੱਟੀ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਹੈ, ਜਿਸ ਦੇ ਸਾਰੇ ਯੋਗ ਵਾਸੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਮਾਝੇ ਦਾ ਮਸ਼ਹੂਰ ਸ਼ਹਿਰ ਪੱਟੀ ਦੇ 100 ਫੀਸਦੀ ਯੋਗ ਲਾਭਪਾਤਰੀਆਂ ਨੇ ਆਪਣੀ ਸਹਿਮਤੀ ਨਾਲ ਕੋਰੋਨਾ ਤੋਂ ਬਚਾਅ ਦਾ ਟੀਕਾ ਲਗਾਇਆ ਹੈ।

ਉਨਾਂ ਇਸ ਲਈ ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਅਤੇ ਪੱਟੀ ਦੇ ਮੋਹਤਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਕੰਮ ਕਿਸੇ ਇਕ ਆਦਮੀ ਜਾਂ ਇਕ ਵਿਭਾਗ ਦੇ ਵੱਸ ਦੀ ਗੱਲ ਨਹੀਂ, ਬਲਕਿ ਤੁਹਾਡੇ ਸਾਰਿਆਂ ਦੀਆਂ ਨਿੱਜੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨਾਂ ਕਿਹਾ ਕਿ ਤੁਸੀਂ ਜਿੱਥੇ ਸ਼ਹਿਰ ਵਾਸੀਆਂ ਨੂੰ ਇਸ ਟੀਕੇ ਦੀ ਮਹੱਤਤਾ ਲਈ ਜਾਗਰੂਕ ਕੀਤਾ, ਉਥੇ ਟੀਕਾ ਲਗਵਾਉਣ ਦੇ ਪ੍ਰਬੰਧ ਵੀ ਕੀਤੇ। ਉਨਾਂ ਕਿਹਾ ਕਿ ਮੇਰੇ ਲਈ ਵੀ ਇਹ ਵੱਡੀ ਪ੍ਰਾਪਤੀ ਹੈ ਕਿ ਕਿਉਂਕਿ ਤੁਸੀਂ ਸਾਰੇ ਮੇਰੀ ਟੀਮ ਵਜੋਂ ਵਿਚਰ ਰਹੇ ਹੋ ਅਤੇ ਮੈਨੂੰ ਤੁਹਾਡੇ ਵਰਗੇ ਕਰਮਯੋਗੀਆਂ ਉਤੇ ਮਾਣ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਕੁੱਲ ਅਬਾਦੀ 49204 ਹੈ ਅਤੇ 19 ਵਾਰਡਾਂ ਵਿਚ ਵੱਸਦੇ ਇਸ ਸ਼ਹਿਰ ਵਿਚ 30506 ਯੋਗ ਵਿਅਕਤੀ ਸਨ, ਜਿੰਨਾ ਨੂੰ ਕਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ 31037 ਵਿਅਕਤੀਆਂ ਨੇ ਕੋਰੋਨਾ ਦਾ ਟੀਕਾ ਲਗਾਇਆ ਹੈ, ਜੋ ਕਿ 100 ਫੀਸਦੀ ਤੋਂ ਵੱਧ ਜਾਂਦਾ ਹੈ, ਕਿਉਂਕਿ ਇਸ ਵਿਚ ਕਈ ਵਿਦੇਸ਼ ਜਾਣ ਵਾਲੇ ਬੱਚੇ ਵੀ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਸ ਵਿਚੋਂ 5689 ਵਿਅਕਤੀ ਕੋਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ।

WHO ਨੇ ਨਕਲੀ ਕੋਵੀਸ਼ੀਲਡ ਟੀਕੇ 'ਤੇ ਮੈਡੀਕਲ ਅਲਰਟ ਕੀਤਾ ਜਾਰੀ

ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਤੇ ਡੀ. ਆਈ. ਓ ਸ੍ਰੀਮਤੀ ਵਰਦਿੰਰਪਾਲ ਕੌਰ ਨੇ ਦੱਸਿਆ ਕਿ ਇਸ ਲਈ ਸਾਨੂੰ ਪੱਟੀ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਮਿਲਦਾ ਰਿਹਾ। ਐਸ ਐਮ ਪੱਟੀ ਡਾ. ਗੁਰਪ੍ਰੀਤ ਰਾਏ ਅਤੇ ਪੱਟੀ ਟੀਕਾਕਰਨ ਦੇ ਨੋਡਲ ਅਧਿਕਾਰੀ ਡਾ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਅਸੀਂ ਜਿੱਥੇ ਟੀਕੇ ਦੀ ਨਿਰੰਤਰ ਸਪਲਾਈ ਜਾਰੀ ਰੱਖੀ, ਉਥੇ ਪੱਟੀ ਦੇ ਹਰ ਮੁਹੱਲੇ, ਗੁਰਦੁਆਰੇ ਅਤੇ ਮੰਦਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦਾ ਟੀਕਾਕਰਨ ਕੀਤਾ।

-PTC News

Related Post