ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਜ਼ਿਲ੍ਹਾ ਪੱਧਰੀ ਭਰਵੇਂ ਰੋਸ ਮੁਜਾਹਰੇ

By  Shanker Badra June 26th 2018 06:24 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਜ਼ਿਲ੍ਹਾ ਪੱਧਰੀ ਭਰਵੇਂ ਰੋਸ ਮੁਜਾਹਰੇ:ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਪੈਟਰੋਲ ਅਤੇ ਡੀਜ਼ਲ ਉਪਰ ਸੂਬਾ ਸਰਕਾਰ ਵੱਲੋਂ ਲਗਾਏ ਜਾ ਰਹੇ ਵੈਟ ਘੱਟ ਕਰਵਾਉਣ ਅਤੇ ਪੰਜਾਬ ਦੀ ਸਰਕਾਰ ਨੂੰ ਕੈਬਨਿਟ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਲਈ ਮਤਾ ਪਾਸ ਕਰਨ ਲਈ ਮਜਬੂਰ ਕਰਨ ਵਾਸਤੇ ਭਰਵੇਂ ਰੋਸ ਮੁਜਾਹਰੇ ਕੀਤੇ ਗਏ।ਜਿਸ ਵਿੱਚ ਪਾਰਟੀ ਦੀ ਕੋਰ ਕਮੇਟੀ ਦੇ ਇੱਕ-ਇੱਕ ਸੀਨੀਅਰ ਮੈਂਬਰ ਨੇ ਅਗਵਾਈ ਕੀਤੀ ਅਤੇ ਹਰ ਜਿਲੇ ਵਿੱਚ ਪਾਰਟੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਆਗੂ ਅਤੇ ਵਰਕਰ ਇਸ ਵਿੱਚ ਸ਼ਾਮਲ ਹੋਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਭਰ ਤੋਂ ਪ੍ਰਾਪਤ ਹੋਈਆ ਰਿਪੋਰਟਾ ਅਨੁਸਾਰ ਸੂਬੇ ਭਰ ਦੇ ਲੋਕਾਂ ਵਿੱਚ ਸੂਬਾ ਸਰਕਾਰ ਵੱਲੋਂ ਪੈਟਰੋਲ ਉਪਰ ਲਗਾਏ ਜਾ ਰਹੇ 35.14 ਪ੍ਰਤੀਸ਼ਤ ਅਤੇ ਡੀਜ਼ਲ ਉਪਰ ਲਗਾਏ ਜਾ ਰਹੇ 17.34 ਪ੍ਰਤੀਸ਼ਤ ਵੈਟ ਕਰਕੇ ਭਾਰੀ ਰੋਸ ਹੈ ਅਤੇ ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ 15 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਨੇ ਲੋਕਾਂ ਦੇ ਜਖਮਾਂ ਤੇ ਲੂਣ ਛਿੱੜਕਣ ਦਾ ਕੰਮ ਕੀਤਾ ਹੈ।ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਥਾਵਾਂ ਤੇ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੇ ਇਸ ਕੂੜ ਪ੍ਰਚਾਰ ਦਾ ਭਾਡਾਂ ਚੌਰਾਹੇ ਵਿੱਚ ਭੰਨਿਆ ਗਿਆ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਲਾਏ ਟੈਕਸਾਂ ਨੂੰ ਲੁਕਾ ਕੇ ਸਾਰਾ ਭਾਰ ਕੇਂਦਰ ਸਰਕਾਰ ਦੇ ਸਿਰ ਮੜਨ ਦੀ ਕੋਸ਼ਿਸ ਕਰ ਰਹੀ ਹੈ।ਸਾਰੇ ਥਾਵਾਂ ਦੇ ਉਤੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰਾਂ ਨੁੰ ਦਿੱਤੇ ਗਏ ਮੰਗ ਪੱਤਰਾਂ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਅਗਰ ਵਾਕਿਆ ਹੀ ਪੰਜਾਬ ਦੀ ਕਾਂਗਰਸ ਸਰਕਾਰ ਡੀਜ਼ਲ ਅਤੇ ਪੈਟਰੋਲ ਦੇ ਰੇਟ ਘਟਾਉਣਾ ਚਾਹੁੰਦੀ ਹੈ ਤਾਂ ਪੰਜਾਬ ਸਰਕਾਰ ਤੁਰੰਤ ਕੈਬਨਿਟ ਮੀਟਿੰਗ ਬੁਲਾ ਕੇ ਪੈਟਰੋਲੀਅਮ ਵਸਤਾਂ ਨੁੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਦੀ ਸ਼ਿਫਾਰਿਸ਼ ਜੀ.ਐਸ.ਟੀ ਕੌਂਸਲ ਨੂੰ ਭੇਜੇ।

ਡਾ. ਚੀਮਾ ਨੇ ਕਿਹਾ ਕਿ ਲੋਕੀ ਇਹ ਸੁਣ ਕੇ ਹੈਰਾਨ ਸਨ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਲਗਾਇਆ ਗਿਆ ਟੈਕਸ 35.14 ਪ੍ਰਤੀਸ਼ਤ ਹੈ ਜਦੋ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ ਵਿੱਚ ਇਹ ਟੈਕਸ ਇਸ ਤੋਂ ਤਕਰੀਬਨ ਅੱਧਾ(19.76) ਹੈ। ਇਸੇ ਤਰ੍ਹਾਂ ਚੰਡੀਗੜ ਵਿੱਚ ਡੀਜ਼ਲ ਦੇ ਟੈਕਸ ਉਪਰ ਪੰਜਾਬ ਨਾਲੋਂ 6 ਪ੍ਰਤੀਸ਼ਤ ਦਾ ਫਰਕ ਹੈ।ਅਗਰ ਸੂਬਾ ਸਰਕਾਰ ਆਪਣੇ ਟੈਕਸ ਪੰਜਾਬ ਦੀ ਰਾਜਧਾਨੀ ਦੇ ਬਰਾਬਰ ਹੀ ਕਰ ਲਵੇ ਤਾਂ ਇਸ ਨਾਲ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ।

ਡਾ ਚੀਮਾ ਨੇ ਸਮੂਹ ਪੰਜਾਬੀਆਂ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਦਾ ਅੱਜ ਦੇ ਧਰਨਿਆਂ ਵਿਚ ਸਹਿਯੋਗ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਵੱੱਲੋਂ ਇਹ ਯਤਨ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ।ਅੱਜ ਦੇ ਜ਼ਿਲ੍ਹਾ ਪੱਧਰੀ ਰੋਸ ਵਿਖਾਵਿਆਂ ਦਾ ਵਿਸਥਾਰ ਦਿੰਦੇ ਹੋਏ ਡਾ.ਚੀਮਾ ਨੇ ਦੱਸਿਆ ਕਿ ਪਾਰਟੀ ਦੇ ਜਿਹਨਾਂ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਰੋਸ ਵਿਖਾਵੇ ਕੀਤੇ ਗਏ ਉਹਨਾਂ ਵਿੱਚ ਜ਼ਿਲ੍ਹਾ ਸੰਗਰੂਰ ਵਿਖੇ ਸੁਖਦੇਵ ਸਿੰਘ ਢੀਂਡਸਾ,ਤਰਨਤਾਰਨ 'ਚ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ,ਪ੍ਰੋ. ਵਿਰਸਾ ਸਿੰਘ ਵਲਟੋਹਾ,ਮਾਨਸਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ,ਰੋਪੜ ਵਿੱਚ ਡਾ. ਦਲਜੀਤ ਸਿੰਘ ਚੀਮਾ ਜਲੰਧਰ 'ਚ ਬੀਬੀ ਜਗੀਰ ਕੌਰ ,ਕਪੂਰਥਲਾ 'ਚ ਡਾ. ਉਪਿੰਦਰਜੀਤ ਕੌਰ,ਬਠਿੰਡਾ 'ਚ ਸਿਕੰੰਦਰ ਸਿੰਘ ਮਲੂਕਾ ,ਫਤਿਹਗੜ ਸਾਹਿਬ ਚਰਨਜੀਤ ਸਿੰਘ ਅਟਵਾਲ,ਗੁਰਦਾਸਪੁਰ ਨਿਰਮਲ ਸਿੰਘ ਕਾਹਲੋਂ,ਮੋਗਾ ਵਿਖੇ ਜਥੇਦਾਰ ਤੋਤਾ ਸਿੰਘ,ਲੁਧਿਆਣਾ

ਮਹੇਸ਼ਇੰਦਰ ਸਿੰਘ ਗਰੇਵਾਲ,ਜ਼ਿਲ੍ਹਾ ਮੋਹਾਲੀ 'ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,ਜ਼ਿਲ੍ਹਾ ਪਟਿਆਲਾ ਪ੍ਰੋ. ਕਿਰਪਾਲ ਸਿੰਘ ਬਡੁੰਗਰ,ਮੁਕਤਸਰ ਸਾਹਿਬ 'ਚ ਪਰਮਿੰਦਰ ਸਿੰਘ ਢੀਂਡਸਾ,ਜ਼ਿਲ੍ਹਾ ਪਠਾਨਕੋਟ 'ਚ ਹੀਰਾ ਸਿੰਘ ਗਾਬੜੀਆ ,ਪਠਾਨਕੋਟ ਹਰਦੀਪ ਸਿੰਘ ਲਮੀਨੀ,ਫਿਰੋਜਪੁਰ 'ਚ ਜਥੇਦਾਰ ਹਰੀ ਸਿੰਘ ਜੀਰਾ ਦੀ ਅਗਵਾਈ ਵਿੱਚ ਰੋਸ ਵਿਖਾਵਾ ਕੀਤਾ ਗਿਆ।

-PTCNews

Related Post