ਪੁਲਿਸ ਨੇ ਸ਼ਰਾਬ ਤਸਕਰਾਂ ਦੇ ਇੱਕ ਸੰਗਠਿਤ ਮੋਡਿਊਲ ਦਾ ਕੀਤਾ ਪਰਦਾਫਾਸ਼, ਗਿਰੋਹ ਦੇ 4 ਮੈਂਬਰ ਕੀਤੇ ਕਾਬੂ

By  Riya Bawa May 28th 2022 04:42 PM -- Updated: May 28th 2022 04:44 PM

ਚੰਡੀਗੜ੍ਹ: ਆਬਕਾਰੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਸ਼ਰਾਬ ਤਸਕਰਾਂ ਦੇ ਇੱਕ ਸੰਗਠਿਤ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਹ ਗਿਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਮਹਿੰਗੇ ਆਯਾਤ ਸਕਾਚ ਬਰਾਂਡਾਂ ਵਿੱਚ ਭਰਦਾ ਸੀ। ਗਿਰੋਹ ਦੇ 4 ਮੈਂਬਰਾਂ ਨੂੰ ਨਕਲੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਵਿੱਚ ਚੀਵਾਸ ਰੀਗਲ ਦੇ 4 ਕੇਸ, ਗਲੇਨਲਿਵੇਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਸ਼ਾਮਲ ਹਨ।

 ਪੁਲਿਸ ਨੇ ਨਕਲੀ ਸ਼ਰਾਬ ਸਮੇਤ ਗਿਰੋਹ ਦੇ 4 ਮੈਂਬਰ ਕੀਤਾ ਕਾਬੂ

ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਦੁਹਰਾਇਆ ਕਿ ਜਿੱਥੇ ਤੱਕ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦਾ ਸਬੰਧ ਹੈ, ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸੰਗਠਿਤ ਗਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਪੰਜਾਬ ਵਿੱਚ ਇਸ ਨੂੰ ਮਹਿੰਗੇ ਸਕਾਚ ਮਾਰਕਾ ਦੀਆਂ ਬੋਤਲਾਂ ਵਿੱਚ ਭਰਦਾ ਹੈ। ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਦੇ ਤਾਲਮੇਲ ਨਾਲ ਖੁਫੀਆ ਸੂਚਨਾਵਾਂ ਇਕੱਤਰ ਕੀਤੀਆਂ ਗਈਆਂ।

 ਪੁਲਿਸ ਨੇ ਨਕਲੀ ਸ਼ਰਾਬ ਸਮੇਤ ਗਿਰੋਹ ਦੇ 4 ਮੈਂਬਰ ਕੀਤਾ ਕਾਬੂ

ਇਹ ਵੀ ਪੜ੍ਹੋ:ਬਿਜਲੀ ਚੋਰੀ ਕਰਨ ਵਾਲਿਆਂ 'ਤੇ ਪਾਵਰਕਾਮ ਦੀ ਵੱਡੀ ਕਾਰਵਾਈ, 72 ਲੱਖ ਤੋਂ ਵਧੇਰੇ ਲਗਾਏ ਜੁਰਮਾਨੇ

ਦੋ ਦਿਨ ਪਹਿਲਾਂ ਟੀਮ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਕੁੰਦਨ ਵਿਸ਼ਟ ਪੁੱਤਰ ਮੋਹਨ ਸਿੰਘ ਵਾਸੀ ਐਚ.ਨੰਬਰ 226, ਪਿੰਡ ਕਝੇੜੀ, ਚੰਡੀਗੜ੍ਹ ਆਪਣੇ ਗਰੋਹ ਦੇ ਮੈਂਬਰਾਂ ਨਾਲ ਮਿਲ ਕੇ ਨਕਲੀ ਸਕਾਚ ਸ਼ਰਾਬ ਦੀ ਸਪਲਾਈ ਕਰੇਗਾ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਤੇ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੀਆਂ ਟੀਮਾਂ ਹਰਕਤ ਵਿੱਚ ਆਈਆਂ ਅਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਟੀਮਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੋ ਕਾਰਾਂ ਟਾਟਾ ਟਿਆਗੋ ਸੀਐਚ01ਬੀਵੀ9460 ਅਤੇ ਸਵਿਫਟ ਐਚਆਰ51ਬੀਡੀ5918 ਨੂੰ ਖਮਾਣੋਂ ਨੇੜੇ ਨਾਕੇ ’ਤੇ ਰੋਕਿਆ ਗਿਆ ਅਤੇ ਗਰੋਹ ਦੇ ਚਾਰ ਮੈਂਬਰ ਕੁੰਦਨ ਵਿਸ਼ਟ, ਹਰਸ਼ਵਰਦਨ ਪੁੱਤਰ ਸਤੀਸ਼ਵਰ ਪਰਸ਼ਾਦ ਵਾਸੀ ਐਚ. 19, ਡਿਫੈਂਸ ਕਲੋਨੀ ਅੰਬਾਲਾ, ਪਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਜਸਮੀਨ ਕੌਰ ਪੁੱਤਰੀ ਰਾਜਵੀਰ ਸਿੰਘ ਵਾਸੀ ਸੰਗਰੂਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਟੀਮ ਨੂੰ ਭੇਜੀ ਜਾ ਰਹੀ ਖੇਪ ਵਿੱਚ ਚਿਵਾਸ ਰੀਗਲ ਦੇ 4 ਕੇਸ, ਗਲੇਨਲਿਵੇਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਮਿਲੇ ਹਨ।

 ਪੁਲਿਸ ਨੇ ਨਕਲੀ ਸ਼ਰਾਬ ਸਮੇਤ ਗਿਰੋਹ ਦੇ 4 ਮੈਂਬਰ ਕੀਤਾ ਕਾਬੂ

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਮੁਹਾਲੀ ਅਤੇ ਲੁਧਿਆਣਾ ਖੇਤਰ ਦੇ ਵੱਖ-ਵੱਖ ਸਕਰੈਪ ਡੀਲਰਾਂ ਤੋਂ ਸਕਾਚ ਬ੍ਰਾਂਡ ਦੀਆਂ ਖਾਲੀ ਬੋਤਲਾਂ ਖਰੀਦਦੇ ਹਨ ਅਤੇ ਉਹ ਵੀ ਇਸ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਦੀਆਂ ਟੀਮਾਂ ਇਨ੍ਹਾਂ ਡੀਲਰਾਂ ਦਾ ਪਿੱਛਾ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

-PTC News

Related Post