ਸੰਤ ਰਾਮ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਿਆਸੀ ਆਗੂ ਤੇ ਸਮੂਹ ਸੰਗਤ

By  Jagroop Kaur December 17th 2020 12:30 PM

ਹਰਿਆਣਾ ਦੇ ਕਰਨਾਲ ਦੇ ਸੀਂਘੜਾ ਪਿੰਡ ’ਚ ਸੰਤ ਬਾਬਾ ਰਾਮ ਸਿੰਘ ਦੀ ਆਤਮਦਾਹ ਦੀ ਖ਼ਬਰ ਆਉਣ ਤੋਂ ਬਾਅਦ ਮਾਤਮ ਦਾ ਮਾਹੌਲ ਪਸਰ ਗਿਆ। ਸੰਤ ਬਾਬਾ ਰਾਮ ਸਿੰਘ ਦਾ ਮਰਹੂਮ ਸਰੀਰ ਸੀਂਘੜਾ ਪਿੰਡ ਦੇ ਨਾਨਕਸਰ ਗੁਰਦੁਆਰਾ ਸਾਹਿਬ ’ਚ ਰੱਖਿਆ ਗਿਆ ਹੈ, ਜਿੱਥੇ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੇ ਹਨ। ਦੱਸ ਦੇਈਏ ਕਿ ਸੰਤ ਬਾਬਾ ਰਾਮ ਸਿੰਘ ਦਿੱਲੀ ’ਚ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਸਨ, ਜਿੱਥੇ ਉਨ੍ਹਾਂ ਨੇੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਵੱਡੀ ਗਿਣਤੀ ਵਿਚ ਦੇਸ਼ ਅਤੇ ਵਿਦੇਸ਼ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਵਿਚ ਸੰਗਤ ਪੁੱਜ ਰਹੀ ਹੈ। ਸੰਗਤਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਸਵੇਰੇ ਸੰਤ ਰਾਮ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ’ਚ ਸੰਤ ਬਾਬਾ ਰਾਮ ਸਿੰਘ ਜੀ ਦੇ ਮਰਹੂਮ ਸਰੀਰ ਦਾ ਪੋਸਟਮਾਰਟਮ ਹੋਇਆ। ਵੱਡੀ ਗਿਣਤੀ ਵਿਚ ਸੰਗਤਾਂ ਦੀ ਹਾਜ਼ਰੀ ਵਿਚ ਸੰਤ ਬਾਬਾ ਰਾਮ ਸਿੰਘ ਜੀ ਦੀ ਮਿ੍ਰਤਕ ਦੇਹ ਨੂੰ ਸੀਂਘੜਾ ਪਿੰਡ ਲਿਜਾਇਆ ਗਿਆ।

ਸੰਤ ਰਾਮ ਸਿੰਘ ਜੀ ਦੇ ਅੰਤਿਮ ਦਰਸ਼ਨ ਕਰਨ ਲਈ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਸ਼ਾਮਿਲ ਹੋਏ

ਦੱਸਣਯੋਗ ਹੈ ਕਿ ਸੰਤ ਬਾਬਾ ਰਾਮ ਸਿੰਘ ਕਰਨਾਲ ਜ਼ਿਲ੍ਹੇ ਦੇ ਪਿੰਡ ਸੀਂਘੜਾ ’ਚ ਰਹਿੰਦੇ ਸਨ, ਜਿੱਥੇ ਉਨ੍ਹਾਂ ਦਾ ਡੇਰਾ ਸੀ। ਆਪਣੇ ਭਗਤਾਂ ਵਿਚ ਉਹ ਸੀਂਘੜਾ ਵਾਲੇ ਬਾਬਾ ਦੇ ਨਾਂ ਤੋਂ ਜਾਣੇ ਜਾਂਦੇ ਸਨ। ਬੀਤੇ ਕੱਲ੍ਹ ਉਨ੍ਹਾਂ ਨੇ ਸਿੰਘੂ ਸਰਹੱਦ ’ਤੇ ਕਿਸਾਨੀ ਹੱਕਾਂ ਲਈ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਸੁਸਾਈਡ ਨੋਟ ਮੁਤਾਬਕ ਸੰਤ ਰਾਮ ਸਿੰਘ ਨੇ ਕਿਸਾਨਾਂ ’ਤੇ ਸਰਕਾਰ ਦੇ ਜ਼ੁਲਮ ਖ਼ਿਲਾਫ਼ ਖ਼ੁਦਕੁਸ਼ੀ ਕੀਤੀ ਹੈ। ਬਾਬਾ ਰਾਮ ਸਿੰਘ ਵੀ ਖ਼ੁਦ ਇਕ ਕਿਸਾਨ ਸਨ ਅਤੇ ਹਰਿਆਣਾ ਐੱਸ. ਜੀ. ਪੀ. ਸੀ. ਦੇ ਨੇਤਾ ਸਨ।

ਸੰਤ ਬਾਬਾ ਰਾਮ ਸਿੰਘ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਕਿਸਾਨਾਂ ਦਾ ਦੁੱਖ ਦੇਖਿਆ। ਉਹ ਆਪਣਾ ਹੱਕ ਲੈਣ ਲਈ ਸੜਕਾਂ ’ਤੇ ਹਨ। ਬਹੁਤ ਦਿਲ ਦੁਖਿਆ। ਸਰਕਾਰ ਨਿਆਂ ਨਹੀਂ ਦੇ ਰਹੀ। ਜ਼ੁਲਮ ਹੈ, ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ਵਿਚ ਅਤੇ ਜ਼ੁਲਮ ਖ਼ਿਲਾਫ ਕੁਝ ਨਹੀਂ ਕੀਤਾ। ਕਈਆਂ ਨੇ ਸਨਮਾਨ ਵਾਪਸ ਕੀਤੇ। ਇਹ ਜ਼ੁਲਮ ਖ਼ਿਲਾਫ਼ ਆਵਾਜ਼ ਹੈ।

Related Post