ਪੀਪੀਸੀਬੀ ਨੇ ਹੀਰੋ ਸਟੀਲਜ਼ 'ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ

By  Jasmeet Singh August 9th 2022 09:11 PM

ਲੁਧਿਆਣਾ, 9 ਅਗਸਤ: ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੇ ਪ੍ਰਦੂਸ਼ਣ ਦੀ ਵਿਆਪਕ ਸਮੱਸਿਆ ਹੈ। ਰਾਜ ਵਿੱਚ ਦਰਿਆਈ ਪ੍ਰਦੂਸ਼ਣ ਕਾਰਨ ਬਹੁਤ ਸਾਰੀਆਂ ਵਾਤਾਵਰਣ ਸੰਬੰਧੀ ਚਿੰਤਾਵਾਂ ਪੈਦਾ ਹੁੰਦੀਆਂ ਹਨ। ਸੂਬਾ ਸਰਕਾਰ ਰਾਜ ਵਿੱਚ ਜਲ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਚਿੰਤਤ ਹੈ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਯੂਨਿਟਾਂ 'ਤੇ ਨਿਯਮਤ ਤੌਰ 'ਤੇ ਅਚਨਚੇਤ ਚੈਕਿੰਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਦੇ ਪਾਣੀ ਦੀ ਸਹੀ ਢੰਗ ਨਾਲ ਟ੍ਰੀਟਮੈਂਟ ਕੀਤੀ ਜਾਂਦੀ ਹੈ ਅਤੇ ਸ਼ਹਿਰ ਦੇ ਸੀਵਰੇਜ ਸਿਸਟਮ ਵਿੱਚ ਕਿਸੇ ਵੀ ਉਦਯੋਗ ਤੋਂ ਅਣਸੋਧਿਆ ਗੰਦਾ ਪਾਣੀ ਨਹੀਂ ਛੱਡਿਆ ਜਾਂਦਾ ਹੈ।

ਅਜਿਹੀ ਹੀ ਇੱਕ ਉਦਾਹਰਣ ਅੱਜ ਸਾਹਮਣੇ ਆਈ ਹੈ ਜਿਸ ਵਿੱਚ ਪੀਪੀਸੀਬੀ ਦੇ ਅਧਿਕਾਰੀਆਂ ਨੇ ਅੱਧੀ ਰਾਤੀ ਹੀਰੋ ਸਟੀਲਜ਼ ਲਿਮਟਿਡ, ਗਿਆਸਪੁਰਾ, ਲੁਧਿਆਣਾ 'ਚ ਛਾਪਾ ਮਾਰੀਆ ਜਿੱਥੇ ਫਰਮ ਇੱਕ ਪਾਈਪਲਾਈਨ ਰਾਹੀਂ ਅਣਸੋਧਿਆ ਤੇਜ਼ਾਬੀ ਪਾਣੀ ਸੀਵਰੇਜ ਸਿਸਟਮ ਵਿੱਚ ਸੁੱਟ ਰਿਹਾ ਸੀ।

ਮੌਕੇ 'ਤੇ ਹੀ ਸੈਂਪਲ ਇਕੱਠੇ ਕੀਤੇ ਗਏ ਅਤੇ ਮਾਮਲਾ ਤੁਰੰਤ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ। ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ, ਪੀਪੀਸੀਬੀ ਨੇ ਯੂਨਿਟ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਯੂਨਿਟ ਨੂੰ ਉਪਲਬਧ ਬਿਜਲੀ ਸਪਲਾਈ ਨੂੰ ਕੱਟ ਦਿੱਤਾ ਹੈ।

ਉਦਯੋਗ ਨੂੰ ਵਾਤਾਵਰਨ ਮੁਆਵਜ਼ੇ ਵਜੋਂ 10.00 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਭਵਿੱਖ ਵਿੱਚ ਅਜਿਹੀ ਕੋਈ ਵੀ ਅਣਅਧਿਕਾਰਤ ਗਤੀਵਿਧੀ ਨਾ ਕਰਨ ਦੇ ਭਰੋਸੇ ਵਜੋਂ 50.00 ਲੱਖ ਰੁਪਏ ਬੈਂਕ ਗਾਰੰਟੀ ਜਮ੍ਹਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

-PTC News

Related Post