ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਚੌਕਸ, ਜਣੇਪੇ ਤੋਂ ਪਹਿਲਾਂ ਕੋਰੋਨਾ ਟੈਸਟ ਕੀਤਾ ਲਾਜ਼ਮੀ

By  Panesar Harinder April 24th 2020 03:18 PM

ਅੰਮ੍ਰਿਤਸਰ - ਕੋਰੋਨਾ ਮਹਾਮਾਰੀ ਕਾਰਨ ਜਿੱਥੇ ਲੌਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਰਾਹੀਂ ਲੋਕਾਂ ਦੇ ਬਚਾਅ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ, ਉੱਥੇ ਹੀ ਸਿਹਤ ਵਿਭਾਗ ਵੱਲੋਂ ਇਸ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ, ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਲਈ ਨਵੇਂ ਉਪਾਅ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਸਾਰੇ ਸਿਵਿਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੀਆਂ ਗਰਭਵਤੀ ਮਹਿਲਾਵਾਂ ਕੋਰੋਨਾ ਦੀ ਲਪੇਟ 'ਚ ਆਏ ਇਲਾਕਿਆਂ ਤੋਂ ਹਨ, ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਜਣੇਪੇ ਤੋਂ ਪਹਿਲਾਂ ਕੋਰੋਨਾ ਦਾ ਟੈਸਟ ਜ਼ਰੂਰ ਕੀਤਾ ਜਾਵੇ। ਸੂਬੇ ਦੇ ਵੱਖੋ-ਵੱਖ ਇਲਾਕਿਆਂ 'ਚ ਵਾਰ-ਵਾਰ ਉੱਠ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ, ਗਰਭਵਤੀ ਮਹਿਲਾਵਾਂ ਦੇ ਬਚਾਅ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਜਣੇਪੇ ਤੋਂ ਪਹਿਲਾਂ ਕੋਰੋਨਾ ਦਾ ਟੈਸਟ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ।

ਇਸ ਨਵੀਂ ਯੋਜਨਾ ਤਹਿਤ ਵਿਭਾਗ ਵੱਲੋਂ ਜਿਹੜੇ ਖੇਤਰਾਂ 'ਚੋਂ ਕੋਰੋਨਾ ਦੇ ਵੱਧ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਇਲਾਕਿਆਂ ਦੀਆਂ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਲਈ ਸਿਵਿਲ ਸਰਜਨਾਂ ਨੂੰ ਆਸ਼ਾ ਵਰਕਰਾਂ ਤੇ ਏ.ਐੱਨ.ਐੱਮ. ਦੀ ਸਹੂਲਤਾਂ ਲੈਣ ਲਈ ਕਿਹਾ ਗਿਆ ਹੈ, ਅਤੇ ਇਸ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਣਾ ਵੀ ਸ਼ਾਮਲ ਹੈ।

ਡਾਇਰੈਕਟਰ ਹੈਲਥ ਐਂਡ ਫ਼ੈਮਿਲੀ ਵੈਲਫ਼ੇਅਰ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਜੱਚਾ ਤੇ ਬੱਚਾ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਏ ਰੱਖਣ ਲਈ ਸਿਹਤ ਵਿਭਾਗ ਪੰਜਾਬ ਬੜੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਗਰਭਵਤੀ ਮਹਿਲਾਵਾਂ ਦਾ ਖ਼ਾਸ ਧਿਆਨ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਵਿਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਦੇ ਕੋਰੋਨਾ ਟੈਸਟ ਕਰਨ ਲਈ ਰੂਪ-ਰੇਖਾ ਉਲੀਕੀ ਜਾ ਰਹੀ ਹੈ ਅਤੇ ਆਉਂਦੇ ਦਿਨਾਂ 'ਚ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ।

ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਅੰਦਰ ਕੋਰੋਨਾ ਦਾ ਪ੍ਰਕੋਪ ਵੱਧ ਦੇਖਣ ਨੂੰ ਮਿਲਿਆ ਅਤੇ ਕੁਝ ਕੁ ਇਲਾਕਿਆਂ ਅੰਦਰ ਤੇਜ਼ੀ ਨਾਲ ਵਧਦੇ ਮਾਮਲਿਆਂ ਕਾਰਨ ਉਨ੍ਹਾਂ ਨੂੰ ਹੌਟਸਪੌਟ ਵੀ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਕਈ ਜ਼ਿਲ੍ਹਿਆਂ ਵੱਲੋਂ ਇਸ ਉੱਤੇ ਕਾਬੂ ਪਾ ਲੈਣ ਅਤੇ ਕੋਰੋਨਾ ਮੁਕਤ ਹੋਣ ਦੀਆਂ ਖਬਰਾਂ ਨਾਲ ਲੋਕਾਂ ਨੂੰ ਰਾਹਤ ਵੀ ਮਹਿਸੂਸ ਹੋਈ।

Related Post