ਕਾਂਗਰਸੀ ਸਰਪੰਚ ਦੀ ਸ਼ਹਿ 'ਤੇ ਉਸਦੇ ਗੁੰਡਿਆਂ ਵੱਲੋਂ ਪੀਟੀਸੀ ਨਿਊਜ਼ ਦੇ ਪੱਤਰਕਾਰ 'ਤੇ ਜਾਨਲੇਵਾ ਹਮਲਾ

By  Shanker Badra May 23rd 2020 01:56 PM

ਕਾਂਗਰਸੀ ਸਰਪੰਚ ਦੀ ਸ਼ਹਿ 'ਤੇ ਉਸਦੇ ਗੁੰਡਿਆਂ ਵੱਲੋਂ ਪੀਟੀਸੀ ਨਿਊਜ਼ ਦੇ ਪੱਤਰਕਾਰ 'ਤੇ ਜਾਨਲੇਵਾ ਹਮਲਾ:ਜਲੰਧਰ : ਭੋਗਪੁਰ ਦੇ ਪਿੰਡ ਭਟਨੂਰਾ ਵਿਖੇ ਕਾਂਗਰਸੀ ਸਰਪੰਚ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਜਿੱਥੇ ਸ਼ੁੱਕਰਵਾਰ ਦੇਰ ਸ਼ਾਮ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਦੀ ਸ਼ਹਿ 'ਤੇ ਉਸਦੇ ਗੁੰਡਿਆਂ ਵੱਲੋਂ ਪੀਟੀਸੀ ਨਿਊਜ਼ ਦੇ ਪੱਤਰਕਾਰ ਹੁਸਨ ਲਾਲ ਨੂੰ ਅਗਵਾ ਕਰਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਪੱਤਰਕਾਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉਥੋਂ ਭੱਜਣ ਵਿਚ ਸਫ਼ਲ ਹੋ ਗਿਆ ਹੈ। ਜਿਸ ਤੋਂ ਬਾਅਦ ਦੇਰ ਰਾਤ ਜ਼ਖਮੀ ਹਾਲਤ ਵਿੱਚ ਪੱਤਰਕਾਰ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਦੌਰਾਨ ਪੱਤਰਕਾਰ ਹੁਸਨ ਲਾਲ ਨੇ ਦੱਸਿਆ ਕਿ ਕਾਂਗਰਸੀ ਸਰਪੰਚ ਸਰਬਜੀਤ ਅਤੇ ਉਸ ਦੇ ਗੁੰਡਿਆਂ ਵੱਲੋਂ ਬੀਤੇ ਦਿਨੀਂ ਭਟਨੂਰਾ ਪਿੰਡ ਦੇ ਹੀ ਇੱਕ ਪਰਿਵਾਰ ਦੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਪੀੜਤ ਪਰਿਵਾਰ ਦੀ ਖ਼ਬਰ ਕਰਨ ਲਈ ਹੀ ਉਹ ਆਪਣੇ ਕੈਮਰਾਮੈਨ ਸਾਥੀ ਨਾਲ ਭਟਨੂਰਾ ਪਹੁੰਚਿਆ ਸੀ। ਉੱਥੇ ਕਾਂਗਰਸੀ ਸਰਪੰਚ ਦੇ ਗੁੰਡਿਆਂ ਵੱਲੋਂ ਉਸ ਨਾਲ ਗਾਲੀ ਗਲੋਚ ਕਰਕੇ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਉਸ ਸਮੇਂ ਪੱਤਰਕਾਰ ਦੇ ਕੈਮਰਾਮੈਨ ਸਾਥੀਪਰਮਜੀਤ ਨੇ ਕਿਸੇ ਦੇ ਘਰ ਲੁਕ ਕੇ ਆਪਣੀ ਜਾਨ ਬਚਾਈ ਪਰ ਉਨ੍ਹਾਂ ਨੇ ਪੱਤਰਕਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹੁਸਨ ਲਾਲ ਨੇ ਦੱਸਿਆ ਕਿ ਉਸ ਨੂੰ ਕੁੱਟਦੇ ਹੋਏ ਕਾਂਗਰਸੀ ਗੁੰਡੇ ਮੋਟਰਸਾਈਕਲ 'ਤੇ ਅਗਵਾ ਕਰਕੇ ਲੈ ਗਏ ਅਤੇ ਅੱਗੇ ਲਿਜਾ ਕੇ ਦੁਬਾਰਾ ਉਸ ਨਾਲ ਕੁੱਟਮਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਸਰਪੰਚ ਦੇ ਗੁੰਡਿਆਂ ਵੱਲੋਂ ਉਸ ਨੂੰ ਧਮਕਾਇਆ ਵੀ ਗਿਆ ਕਿ ਜੇਕਰ ਉਹ ਦੁਬਾਰਾ ਉਨ੍ਹਾਂ ਦੇ ਇਲਾਕੇ ਵਿੱਚ ਨਜ਼ਰ ਆਇਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਉਸ ਨੇ ਦੱਸਿਆ ਕਿ ਕਾਂਗਰਸੀ ਸਰਪੰਚ ਦੇ ਗੁੰਡਿਆਂ ਨੇ ਉਸ ਨੂੰ ਇਹ ਆਖ ਕੇ ਧਮਕਾਇਆ ਗਿਆ ਕਿ ਸੂਬੇ ਵਿਚ ਸਾਡੀ ਸਰਕਾਰ ਹੈ ,ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ । ਪੀੜਤ ਪੱਤਰਕਾਰ ਤੇ ਉਸ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਕਾਂਗਰਸੀ ਸਰਪੰਚ 'ਤੇ ਕੋਈ ਕਾਰਵਾਈ ਨਹੀਂ ਹੋਈ। ਪੱਤਰਕਾਰ ਨੇ ਦੋਸ਼ ਲਗਾਇਆ ਹੈ ਕਿ ਇਸ ਦੌਰਾਨ ਉਸ ਦਾ ਇਕ ਮੋਬਾਈਲ ਵੀ ਖੋਹ ਲਿਆ ਗਿਆ ਹੈ।

-PTCNews

Related Post