ਡੀਏਪੀ ਸਪਲਾਈ 'ਚ ਘਪਲੇਬਾਜ਼ੀ ਕਰਨ ਦੇ ਦੋਸ਼ 'ਚ 12 ਫਰਮਾਂ ਵਿਰੁੱਧ FIR ਦਰਜ

By  Riya Bawa November 15th 2021 05:17 PM

ਚੰਡੀਗੜ੍ਹ: ਡੀਏਪੀ ਦੀ ਵੱਧ ਕੀਮਤ, ਜਮਾਂਖੋਰੀ ਅਤੇ ਟੈਗਿੰਗ ਸਬੰਧੀ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਥਿਤ ਤੌਰ 'ਤੇ ਵੱਧ ਕੀਮਤ ਵਸੂਲਣ, ਸਬਸਿਡੀ ਵਾਲੇ ਯੂਰੀਆ ਨੂੰ ਉਦਯੋਗਿਕ ਉਦੇਸ਼ਾਂ ਲਈ ਵਰਤਣ, ਹੋਰ ਉਤਪਾਦਾਂ ਦੀ ਟੈਗਿੰਗ ਅਤੇ ਅਣਅਧਿਕਾਰਤ ਵਿਕਰੀ ਪੁਆਇੰਟਾਂ ਤੋਂ ਖਾਦਾਂ ਦੀ ਵਿਕਰੀ ਵਿੱਚ ਸ਼ਾਮਲ 12 ਫਰਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਮੈਸਰਜ਼ ਮੰਡ ਖਾਦ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ, ਮੈਸਰਜ਼ ਸਿੱਧੂ ਖੇਤੀ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ (ਦੋਵੇਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ), ਮੈਸਰਜ਼ ਰਣਜੀਤ ਪੈਸਟੀਸਾਈਡਜ਼, ਪਿੰਡ ਸੰਗੋਵਾਲ, ਬਲਾਕ ਨਕੋਦਰ (ਜਲੰਧਰ) ਵਿਰੁੱਧ ਵੱਧ ਕੀਮਤ ਵਸੂਲਣ ਦੇ ਦੋਸ਼ ਅਧੀਨ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਹਨਾਂ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਵਿਕਟਰੀ ਬਾਇਓਟੈਕ ਪ੍ਰਾਈਵੇਟ ਲਿਮਟਿਡ, ਬਲਾਕ ਸਰਦੂਲਗੜ੍ਹ (ਮਾਨਸਾ) ਵਿਰੁੱਧ ਕਥਿਤ ਤੌਰ 'ਤੇ ਗਲਤ ਬ੍ਰਾਂਡ ਵਾਲੀ ਡੀ.ਏ.ਪੀ. ਦੀ ਵਿਕਰੀ ਕਰਨ ਲਈ ਕੇਸ ਦਰਜ ਕੀਤਾ ਅਤੇ ਫਰਮ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ।

 

ਨਾਭਾ ਨੇ ਦੱਸਿਆ ਕਿ ਮੈਸਰਜ਼ ਰਾਮ ਮੂਰਤੀ ਗੁਪਤਾ ਐਂਡ ਸੰਨਜ਼ ਫਿਲੌਰ (ਜਲੰਧਰ) ਵਿਰੁੱਧ ਕਥਿਤ ਤੌਰ 'ਤੇ ਉਦਯੋਗਿਕ ਉਦੇਸ਼ਾਂ ਲਈ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਗਈ ਅਤੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਹਨਾਂ ਅੱਗੇ ਦੱਸਿਆ ਕਿ ਮੈਸਰਜ਼ ਥੂਹਾ ਪੈਸਟੀਸਾਈਡਜ਼ ਐਂਡ ਸੀਡ ਸਟੋਰ, ਜ਼ੀਰਕਪੁਰ (ਐਸ.ਏ.ਐਸ. ਨਗਰ) ਨੂੰ ਕਥਿਤ ਤੌਰ 'ਤੇ ਡੀਏਪੀ ਨਾਲ ਹੋਰ ਉਤਪਾਦਾਂ ਦੀ ਟੈਗਿੰਗ ਕਰਨ ਵਿੱਚ ਸ਼ਾਮਲ ਪਾਇਆ ਗਿਆ ਅਤੇ ਫਰਮ ਵਿਰੁੱਧ ਐਫਆਈਆਰ ਦਰਜ ਕਰਕੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Govt Subsidy on DAP hiked by 140% , farmers to get fertiliser at old rates of Rs 1,200

ਉਨ੍ਹਾਂ ਦੱਸਿਆ ਕਿ ਮੈਸਰਜ਼ ਚੁੱਘ ਖਾਦ ਭੰਡਾਰ, ਜਲਾਲਾਬਾਦ, ਮੈਸਰਜ਼ ਚੁੱਘ ਟ੍ਰੇਡਿੰਗ ਕੰਪਨੀ, ਜਲਾਲਾਬਾਦ, ਮੈਸਰਜ਼ ਚੁੱਘ ਖਾਦ ਸਟੋਰ, ਜਲਾਲਾਬਾਦ, ਮੈਸਰਜ਼ ਭਾਟਾ ਕੋ-ਆਪ੍ਰੇਟਿਵ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਸਭਾ, ਜਲਾਲਾਬਾਦ ਅਤੇ ਮੈਸਰਜ਼ ਅਜੈ ਟਰੇਡਿੰਗ ਕੰਪਨੀ, ਜਲਾਲਾਬਾਦ ਨੂੰ ਕਥਿਤ ਤੌਰ 'ਤੇ ਜਮਾਂਖੋਰੀ ਵਿੱਚ ਸ਼ਾਮਲ ਪਾਇਆ ਗਿਆ ਹੈ। ਇਨ੍ਹਾਂ ਫਰਮਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੈਸਰਜ਼ ਜਿੰਦਲ ਏਜੰਸੀ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਵੀ ਅਣ-ਅਧਿਕਾਰਤ ਵਿਕਰੀ ਪੁਆਇੰਟ ਤੋਂ ਖਾਦ ਦੀ ਵਿਕਰੀ ਕੀਤੀ ਗਈ ਹੈ। ਇਸ ਲਈ ਫਰਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀ.ਏ.ਪੀ. ਦੀ ਜਮਾਂਖੋਰੀ/ਕਾਲਾਬਾਜ਼ਾਰੀ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪਟਿਆਲਾ ਦੇ ਖੇਤੀਬਾੜੀ ਅਫ਼ਸਰ ਵਿਰੁੱਧ ਵੀ ਪ੍ਰਸ਼ਾਸਨਿਕ ਕਾਰਵਾਈ ਆਰੰਭੀ ਗਈ ਹੈ।

-PTC News

Related Post