ਪੀਏਯੂ ਵਿਖੇ ਯੂਨੀਵਰਸਿਟੀ ਆਫ਼ ਕੈਨਬੇਰਾ ਦੇ ਵਾਈਸ ਚਾਂਸਲਰ ਦਾ ਵਿਸ਼ੇਸ਼ ਦੌਰਾ

By  Joshi October 11th 2017 05:02 PM

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਕੈਨਬੇਰਾ ਯੂਨੀਵਰਸਿਟੀ ਆਸਟਰੇਲੀਆ ਦੇ ਉਚ ਪੱਧਰੀ ਵਫ਼ਦ ਨੇ ਵਿਸ਼ੇਸ਼ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਪੀਏਯੂ ਦੇ ਸਾਬਕਾ ਵਿਦਿਆਰਥੀ ਅਤੇ ਮੌਜੂਦਾ ਸਮੇਂ ਕੈਨਬੇਰਾ ਯੂਨੀਵਰਸਿਟੀ ਵਿੱਚ ਬਤੌਰ ਵਾਈਸ ਚਾਂਸਲਰ ਅਤੇ ਪ੍ਰੈਜੀਡੈਂਟ ਵਜੋਂ ਸੇਵਾ ਨਿਭਾ ਰਹੇ ਪ੍ਰੋਫੈਸਰ ਦੀਪ ਸੈਣੀ ਕਰ ਰਹੇ ਸਨ । ਉਹਨਾਂ ਦੇ ਨਾਲ ਪ੍ਰੋਫੈਸਰ ਨਿੱਕ ਕਲੌਂਪ, ਡਿਪਟੀ ਵਾਈਸ ਚਾਂਸਲਰ ਅਕਾਦਮਿਕ ਅਤੇ ਮਿ. ਰੋਂਗਿਊ ਲੀ, ਡਿਪਟੀ ਵਾਈਸ ਚਾਂਸਲਰ ਸਟੂਡੈਂਟਸ ਐਂਡ ਪਾਰਟਨਰਸ਼ਿਪ ਵੀ ਇਸ ਵਫ਼ਦ ਵਿੱਚ ਸ਼ਾਮਲ ਸਨ । ਪੀਏਯੂ ਤੋਂ ਸਾਲ 1977 ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਉਪਰੰਤ ਪਹਿਲੀ ਵਾਰੇ ਆਏ ਪ੍ਰੋਫੈਸਰ ਸੈਣੀ ਆਪਣੀ ਘਰ ਵਾਪਸੀ ਵਿੱਚ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਸਨ ।

Punjab agriculture university: ਪੀਏਯੂ ਵਿਖੇ ਯੂਨੀਵਰਸਿਟੀ ਆਫ਼ ਕੈਨਬੇਰਾ ਦੇ ਵਾਈਸ ਚਾਂਸਲਰ ਦਾ ਵਿਸ਼ੇਸ਼ ਦੌਰਾਯੂਨੀਵਰਸਿਟੀ ਵਿਗਿਆਨੀਆਂ ਅਤੇ ਮਾਹਿਰਾਂ ਨਾਲ ਖੋਜ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਤੇ ਵਿਚਾਰ-ਵਟਾਂਦਰਾ ਕਰਦਿਆ ਪ੍ਰੋਫੈਸਰ ਸੈਣੀ ਨੇ ਕਿਹਾ ਕਿ ਤਜ਼ਰਬਾਗਤ ਸਿਖਲਾਈ ਵਿੱਚ ਯੂਨੀਵਰਸਿਟੀ ਆਪ ਕੈਨਬੇਰਾ ਦਾ ਕੋਈ ਮੁਕਾਬਲਾ ਨਹੀਂ ਜਿਸ ਸਦਕਾ ਇਸਦੀ ਗਿਣਤੀ ਵਿਸ਼ਵ ਦੀਆਂ 2% ਯੂਨੀਵਰਸਿਟੀਆਂ ਵਿੱਚ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਪੀਏਯੂ ਨਾਲ ਭੋਜਨ ਤਕਨਾਲੋਜੀ, ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ, ਸਪਲਾਈ ਚੇਨ ਪ੍ਰਬੰਧਨ ਅਤੇ ਲੋਜਿਸਟਿਕਸ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤੇ ਵਿਚਾਰ ਕੀਤੀ ਜਾਵੇਗੀ ।

ਵਫ਼ਦ ਨੂੰ ਨਿੱਘਾ ਜੀ ਆਇਆ ਕਹਿੰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ .ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਜਲ, ਭੂਮੀ ਦੀ ਸਿਹਤ, ਕੀਟ-ਨਾਸ਼ਕ ਰਸਾਇਣਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਸਾਡੇ ਵੱਡੇ ਮੁੱਦੇ ਹਨ ਜਿਸ ਲਈ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਜਲਵਾਯੂ ਪਰਿਵਰਤਨ ਉਤੇ ਸਾਂਝੇ ਤੌਰ ਤੇ ਖੋਜ ਕਾਰਜ ਕਰਨ ਨਾਲ ਅਸੀਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਾਂਗੇ ।

ਇਸ ਮੌਕੇ ਡਾ. ਨੀਲਮ ਗਰੇਵਾਲ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਵਫ਼ਦ ਨੂੰ ਯੂਨੀਵਰਸਿਟੀ ਦੇ ਤਜ਼ਰਬਾਗਤ ਸਿਖਲਾਈ ਯੂਨਿਟਾਂ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਯੂਨੀਵਰਸਿਟੀ ਆਫ਼ ਕੈਨਬੇਰਾ ਦੇ ਮਾਹਿਰਾਂ ਨੂੰ ਸਹਾਇਕ ਪ੍ਰਮੁੱਖ ਅਡਵਾਈਜ਼ਰ ਵਜੋਂ ਸ਼ਾਮਲ ਕਰਨ ਅਤੇ ਵੀਡੀਓ ਕਾਨਫਰਸਿੰਗ ਰਾਹੀਂ ਲੈਕਚਰ ਪ੍ਰਦਾਨ ਕਰਨ ਦੀ ਤਜ਼ਵੀਜ ਰੱਖੀ ।

ਇਸ ਮੌਕੇ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਵਫ਼ਦ ਨੂੰ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਚਾਨਣਾ ਪਾਇਆ । ਇਸ ਵਫ਼ਦ ਦੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਿੰਦਰ ਕੌਰ ਸਾਂਘਾ, ਡੀਨ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਕਰ ਰਹੇ ਸਨ । ਵਫ਼ਦ ਨੇ ਬੇਸਿਕ ਸਾਇੰਸਜ਼ ਕਾਲਜ ਦੇ ਵਿਭਿੰਨ ਵਿਭਾਗਾਂ ਤੋਂ ਇਲਾਵਾ ਫੂਡ ਇੰਡਸਟਰੀ ਸੈਂਟਰ, ਬਾਇਓਤਕਨਾਲੋਜੀ ਸਕੂਲ ਅਤੇ ਪੇਂਡੂ ਸੱਭਿਆਚਾਰ ਦੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ ।

—PTC News

Related Post