ਹੜ੍ਹਾਂ 'ਚ ਹੋਏ ਨੁਕਸਾਨ ਮੁਤਾਬਿਕ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ: ਡਾ. ਦਲਜੀਤ ਸਿੰਘ ਚੀਮਾ

By  Jashan A August 19th 2019 06:59 PM

ਹੜ੍ਹਾਂ 'ਚ ਹੋਏ ਨੁਕਸਾਨ ਮੁਤਾਬਿਕ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ: ਡਾ. ਦਲਜੀਤ ਸਿੰਘ ਚੀਮਾ

ਰੋਪੜ 'ਚ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ

ਚੰਡੀਗੜ੍ਹ: ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਆਏ ਹੜ੍ਹਾਂ ਸਦਕਾ ਪੰਜਾਬ ਦੇ ਕਿਸਾਨਾਂ ਉੱਤੇ ਟੁੱਟੀ ਵੱਡੀ ਬਿਪਤਾ ਲਈ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਹੜ੍ਹ ਪੀੜਤਾਂ ਨੂੰ ਬਹੁਤ ਥੋੜ੍ਹਾ ਮੁਆਵਜ਼ਾ ਦੇ ਰਹੀ ਹੈ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੀ ਰਾਹਤ ਨੂੰ ਬੇਹੱਦ ਮਾਮੂਲੀ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪਏ ਮੀਂਹ ਕਰਕੇ ਆਏ ਹੜ੍ਹਾਂ ਸਦਕਾ ਜਿੰਨਾ ਭਾਰੀ ਨੁਕਸਾਨ ਹੋਇਆ ਹੈ, ਉਸ ਲਈ ਇਹ ਮੁਆਵਜ਼ਾ ਬੇਹੱਦ ਨਿਗੂਣਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਵਿਚ ਲਗਭਗ 20 ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿੱਥੇ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਆਉਣ ਨਾਲ ਝੋਨੇ ਦੀ ਫਸਲ ਪੂਰੀ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਖੈਰਾਬਾਦ, ਗੁਰਦਾਸਪੁਰਾ, ਫੂਲ ਕਲਾਂ, ਫੂਲ ਖੁਰਦ, ਬੁੱਢਾਭੌਰਾ, ਚੱਕ ਦਹੇੜਾ, ਬਟਰੇਲਾ, ਮਾਧੋਪੁਰ, ਟਿੱਬਾ ਟੱਪਰੀਆਂ ਅਤੇ ਰਣਜੀਤਪੁਰਾ ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।

ਹੋਰ ਪੜ੍ਹੋ:ਪਟਵਾਰੀਆਂ ਦੀ ਨਿਯੁਕਤੀ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਹੈ: ਅਕਾਲੀ ਦਲ

ਉਹਨਾਂ ਕਿਹਾ ਕਿ ਹੜ੍ਹਾਂ ਦੇ ਪਾਣੀ ਨੇ ਘਰਾਂ 'ਚ ਦਾਖ਼ਲ ਹੋ ਕੇ ਫਰਨੀਚਰ ਤਬਾਹ ਕਰ ਦਿੱਤਾ ਅਤੇ ਕੰਧਾਂ ਵਿਚ ਤਰੇੜਾਂ ਪਾ ਦਿੱਤੀਆਂ। ਇਸ ਤਰ੍ਹਾਂ ਇਲਾਵਾ ਘਰਾਂ ਵਿਚ ਰੱਖਿਆ ਸਾਰਾ ਅਨਾਜ ਵੀ ਤਬਾਹ ਹੋ ਗਿਆ।

ਸਾਬਕਾ ਮੰਤਰੀ ਨੇ ਲੋਕਾਂ ਨੂੰ ਰਾਹਤ ਅਤੇ ਅੰਤਰਿਮ ਪੈਕਜ ਦੇਣ ਲਈ ਤੁਰੰਤ ਹੰਗਾਮੀ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਪ੍ਰਭਾਵਿਤ ਪਿੰਡਾਂ ਤਕ ਹਰੇ ਚਾਰੇ ਦੀ ਸਪਲਾਈ ਪਹੁੰਚਾਉਣ ਲਈ ਪ੍ਰਸਾਸ਼ਨ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।ਡਾਕਟਰ ਚੀਮਾ ਨੇ ਟਰੈਕਟਰ ਉੱਤੇ ਬੈਠ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਅਕਾਲੀ ਵਰਕਰਾਂ ਦੀ ਮੱਦਦ ਨਾਲ ਚਲਾਏ ਜਾ ਰਹੇ ਹੜ੍ਹ-ਰਾਹਤ ਕਾਰਜਾਂ ਦਾ ਵੀ ਜਾਇਜ਼ਾ ਲਿਆ।

-PTC News

Related Post