ਪੰਜਾਬ ਸਰਕਾਰ ਦੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਵਾਅਦੇ ਜਾਪਣ ਲੱਗੇ ਝੂਠੇ ਲਾਰੇ

By  Riya Bawa November 8th 2021 06:18 PM -- Updated: November 8th 2021 06:22 PM

ਚੰਡੀਗੜ੍ਹ: ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਸਰਪ੍ਰਸਤ ਕਮਲ ਕੁਮਾਰ, ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਸੈਕਟਰੀ ਬਲਜੀਤ ਸਿੰਘ ਗਿੱਲ, ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂੰ, ਸੂਬਾ ਆਗੂ ਹਰਕੇਸ਼ ਵਿੱਕੀ, ਜਗਤਾਰ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਨਬੱਸ ਅਤੇ PRTC ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਬਾਰੇ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।

ਹੁਣ ਚੰਨੀ ਸਰਕਾਰ ਵੱਲੋ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਕਾਮਿਆਂ ਨੂੰ ਪੱਕਾਂ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋ ਦਿੱਤੇ 20 ਦਿਨ ਦੇ ਸਮੇ ਦੇ ਖਤਮ ਹੋਣ ਤੇ ਕਰਮਚਾਰੀਆਂ ਵਿੱਚ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ਕਿਉਂ ਕਿ ਯੂਨੀਅਨ ਦੀ ਮੁੱਖ ਮੰਤਰੀ ਪੰਜਾਬ ਨਾਲ ਮਿਤੀ 12/10/2021 ਨੂੰ ਹੋਈ ਮੀਟਿੰਗ ਵਿੱਚ ਆਊਟ ਸੋਰਸਿੰਗ ਸਟਾਫ ਨੂੰ ਪ੍ਰੋਪਰ ਚੈਨਲ ਭਰਤੀ ਮੰਨਿਆ ਗਿਆ ਸੀ ਅਤੇ ਤਰੁੰਤ ਕੰਟਰੈਕਟ ਤੇ ਕਰਨ ਦੇ ਆਦੇਸ਼ ਦਿੱਤੇ ਸਨ ਦੂਜੇ ਪਾਸੇ ਪੱਕਾ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਨੇ 20 ਦਿਨ ਦਾ ਸਮਾਂ ਕਿਹਾ ਸੀ ਕਿ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰੰਤੂ ਅੱਜ ਇੱਕ ਮਹੀਨਾ ਹੋ ਚੱਲਿਆ ਹੈ ਕਿਸੇ ਵੀ ਮੰਗ ਨੂੰ ਬੂਰ ਨਹੀਂ ਪਿਆ।

ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਦੋ ਵਾਰ ਸਾਡੇ ਨਾਲ ਪੱਕੇ ਕਰਨ ਦਾ ਨੋਟੀਫਿਕੇਸ਼ਨ ਕਰਨ ਦਾ ਝੂਠਾ ਲਾਰਾ ਲਾ ਕੇ ਸਾਡੀ ਅਣਮਿੱਥੇ ਸਮੇ ਦੀ ਹੜਤਾਲ ਖੁਲਵਾਈ ਹੈ। ਹੁਣ ਨਵੇਂ ਬਣੇ ਮੁੱਖ ਮੰਤਰੀ ਵਲੋ ਵੀ ਸਾਡੇ ਨਾਲ ਮੀਟਿੰਗ ਵਿੱਚ 20 ਦਿਨ 'ਚ ਨੋਟੀਫਿਕੇਸ਼ਨ ਕਰਨ ਦਾ ਕੀਤਾ ਸੀ ਪਰੰਤੂ ਫਿਰ ਤੋ ਸਰਕਾਰ ਨੇ ਕੁੱਝ ਨਹੀ ਕੀਤਾਂ ਜਦੋ ਕਿ ਟਰਾਸਪੋਰਟ ਮੰਤਰੀ ਸਾਹਿਬ ਦੇ ਕਹਿਣ ਮੁਤਾਬਿਕ ਕਰਮਚਾਰੀਆਂ ਦੀ ਮਿਹਨਤ ਸਦਕਾਂ 54 ਲੱਖ ਰੁਪਏ ਪ੍ਤੀ ਦਿਨ ਦੀ ਆਮਦਨੀ ਪੰਜਾਬ ਰੋਡਵੇਜ ਅਤੇ ਪੀ ਆਰ ਟੀ ਸੀ ਦੀ ਵਧੀ ਹੈ ਪਰ ਫਿਰ ਸਰਕਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਵੱਲ ਧਿਆਨ ਕਿਉਂ ਨਹੀ ਦੇ ਰਹੀ।

-PTC News

Related Post