ਵੱਡੀ ਖ਼ਬਰ : ਜ਼ਿਲ੍ਹਾ ਮੋਹਾਲੀ ਵੀ ਹੋਇਆ 'ਕੋਰੋਨਾ ਮੁਕਤ', ਸਾਰੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਰਤੇ ਘਰ

By  Shanker Badra May 21st 2020 06:21 PM

ਵੱਡੀ ਖ਼ਬਰ : ਜ਼ਿਲ੍ਹਾ ਮੋਹਾਲੀ ਵੀ ਹੋਇਆ 'ਕੋਰੋਨਾ ਮੁਕਤ', ਸਾਰੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਰਤੇ ਘਰ:ਮੋਹਾਲੀ : ਕੋਰੋਨਾ ਵਾਇਰਸ ਦੇ ਖੌਫ਼ ਵਿਚਾਲੇ ਅੱਜ ਪੰਜਾਬ ਤੋਂ ਇਕ ਵਾਰ ਫ਼ਿਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦਾ ਗੜ੍ਹ ਬਣੇ ਮੋਹਾਲੀ ਸ਼ਹਿਰ ਦੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਇਹ ਹੈ ਕਿ ਜ਼ਿਲੇ ਦੇ ਸਾਰੇ ਕੋਰੋਨਾ ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਪਰਤ ਗਏ ਹਨ, ਜਿਸ ਤੋਂ ਬਾਅਦ ਮੋਹਾਲੀ ਹੁਣ 'ਕੋਰੋਨਾ ਮੁਕਤ' ਜ਼ਿਲ੍ਹਾ ਬਣ ਗਿਆ ਹੈ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 105 ਮਾਮਲੇ ਸਨ,ਜਿਨ੍ਹਾਂ ਵਿਚੋਂ 102 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ ਅਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਜਿਹੜੇ ਮਰੀਜ਼ਾਂ ਨੂੰ ਛੁੱਟੀ ਦਿਤੀ ਗਈ ਹੈ, ਉਨ੍ਹਾਂ ਵਿਚ 30 ਸਾਲਾ ਅੰਕਿਤ ਨਵਾਂਗਾਉਂ ਦਾ ਹੈ ਜਦਕਿ 24 ਸਾਲਾ ਸੁਮਨ ਮਿਲਖ ਪਿੰਡ ਦੀ ਵਸਨੀਕ ਹੈ।

ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਜ਼ਿਲ੍ਹੇ ਵਿਚ ਹੁਣ ਕੋਰੋਨਾ ਵਾਇਰਸ ਦੀ ਲਾਗ ਦਾ ਕੋਈ ਕੇਸ ਨਹੀਂ ਬਚਿਆ ਪਰ ਲੋਕਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਸ ਮਾਰੂ ਬੀਮਾਰੀ ਦਾ ਖ਼ਾਤਮਾ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ, 'ਕੋਰੋਨਾ ਵਾਇਰਸ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ। ਜ਼ਿਲ੍ਹੇ ਵਿਚ ਕਰਫ਼ਿਊ ਹਟਣ, ਢਿੱਲ ਦੇਣ ਜਾਂ ਬੀਮਾਰੀ ਦਾ ਇਕ ਵੀ ਕੇਸ ਨਾ ਹੋਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਜ਼ਿਲ੍ਹੇ ਵਿਚ ਇਹ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

-PTCNews

Related Post