ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਪੰਜਾਬ 'ਚ ਕਈ ਥਾਈਂ ਮੀਂਹਤੇ ਤੂਫਾਨ !

By  Shanker Badra May 28th 2020 05:52 PM

ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਪੰਜਾਬ 'ਚ ਕਈ ਥਾਈਂ ਮੀਂਹਤੇ ਤੂਫਾਨ ! : ਚੰਡੀਗੜ੍ਹ : ਪੰਜਾਬ 'ਚ ਮੀਂਹ ਪੈਣ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਅਸਮਾਨ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਜਿਸ ਤੋਂ ਬਾਅਦ ਮੀਂਹ ਨੇ ਵੀ ਦਸਤਕ ਦੇ ਦਿੱਤੀ ਹੈ।

ਸੂਬੇ 'ਚ ਅਤਿ ਦੀ ਪੈ ਰਹੀ ਗਰਮੀ ਤੋਂ ਅੱਜ ਜਿੱਥੇ ਸੂਬੇ 'ਚ ਬਰਸਾਤ ਪੈਣ ਕਾਰਨ ਲੋਕਾਂ ਦੇ ਚਿਹਰੇ ਖਿੜ੍ਹੇ ਹਨ, ਉਥੇ ਹੀ ਇਹ ਬਰਸਾਤ ਕਿਸਾਨਾਂ ਲਈ ਵੀ ਲਾਹੇਵੰਦ ਸਾਬਤ ਹੋਈ ਹੈ। ਇਸ ਸਮੇਂ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਾਣੀ ਦੀ ਬੇਹੱਦ ਲੋੜ ਹੈ। ਉੱਧਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਅਣ ਐਲਾਨੇ ਕੱਟਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ।

ਓਧਰ ਮੌਸਮ ਵਿਭਾਗ ਨੇ ਵੀ ਭਵਿੱਖਵਾਣੀ:ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ 28 ਮਈ ਨੂੰ ਕਿਤੇ-ਕਿਤੇ ਅਤੇ 29 ਮਈ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ। 28-30 ਮਈ ਤੱਕ ਕਿਤੇ-ਕਿਤੇ ਤੇਜ਼ ਹਵਾਵਾਂ ਚੱਲਣ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਸੀ। ਇਸ ਦੌਰਾਨ ਦੁਪਹਿਰ ਵੇਲੇ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢਕੇ ਰੱਖ ਦਿੱਤੇ ਸੀ ,ਜਿਸ ਕਰਕੇ ਲੋਕ ਬਾਹਰ ਨਿਕਲਣ ਤੋਂ ਗੁਰਹੇਜ਼ ਕਰਦੇ ਸੀ। ਇਸ ਵਾਰ ਦਿੱਲੀ 'ਚ ਗਰਮੀ ਨੇ 18 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ, ਉੱਥੇ ਹੀ ਰਾਜਸਥਾਨ 'ਚ ਮੰਗਲਵਾਰ ਨੂੰ ਤਾਪਮਾਨ 50 ਡਿਗਰੀ ਮਾਪਿਆ ਗਿਆ ਸੀ।

-PTCNews

Related Post