ਪਰਵਾਸੀ ਮਜ਼ਦੂਰਾਂ ਦੀ ਥਾਂ ਐਤਕੀਂ 'ਪੰਜਾਬੀ ਮਜ਼ਦੂਰ' ਹੋਏ ਸਰਗਰਮ, ਹੱਥੀਂ ਝੋਨਾ ਲਗਾਉਣ ਦੀਆਂ ਕੱਸੀਆਂ ਤਿਆਰੀਆਂ

By  Kaveri Joshi June 9th 2020 01:39 PM

ਪੰਜਾਬ- ਪਰਵਾਸੀ ਮਜ਼ਦੂਰਾਂ ਦੀ ਥਾਂ ਐਤਕੀਂ 'ਪੰਜਾਬੀ ਮਜ਼ਦੂਰ' ਹੋਏ ਸਰਗਰਮ, ਹੱਥੀਂ ਝੋਨਾ ਲਗਾਉਣ ਦੀਆਂ ਕੱਸੀਆਂ ਤਿਆਰੀਆਂ : ਝੋਨੇ ਦੇ ਸੀਜ਼ਨ ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 10 ਜੂਨ ਨੂੰ ਝੋਨਾ ਲੱਗਣਾ ਸ਼ੁਰੂ ਹੋ ਜਾਵੇਗਾ , ਇਸ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਪਹਿਲਾਂ ਜ਼ਿਆਦਾਤਰ ਝੋਨੇ ਦੀ ਬਿਜਾਈ ਲਈ ਪਰਵਾਸੀ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਸੀ ਪਰ ਕੋਵਿਡ-19 ਕਾਰਨ ਆਪਣੇ ਰਾਜਾਂ ਨੂੰ ਮੁੜ ਚੁੱਕੇ ਪਰਵਾਸੀ ਮਜ਼ਦੂਰਾਂ ਦੀ ਥਾਂ ਐਤਕੀਂ ਪੰਜਾਬ ਵਿੱਚ ਝੋਨੇ ਦੀ ਬਿਜਾਈ ਲਈ ਪੰਜਾਬੀ ਮਜ਼ਦੂਰ ਸਰਗਰਮ ਨਜ਼ਰ ਆ ਰਹੇ ਹਨ ।

ਦੱਸ ਦੇਈਏ ਕਿ ਖੇਤੀ ਖੇਤਰ ਵਿੱਚ ਝੋਨੇ ਦੀ ਲੁਆਈ ਇੱਕ ਅਜਿਹਾ ਕੰਮ ਹੈ , ਜਿਸ ਵਾਸਤੇ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ ਅਤੇ ਇਸ ਸਾਲ ਵਿਸ਼ਵ-ਵਿਆਪੀ ਮਹਾਮਾਰੀ ਕਾਰਨ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ ਗਈ ਹੈ।

ਕਰੋਨਾਵਾਇਰਸ ਦੀ ਮਹਾਂਮਾਰੀ ਵਿਚਕਾਰ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਸਾਲ ਝੋਨੇ ਦੀ ਰਵਾਇਤੀ ਲੁਆਈ ਦੀ ਬਜਾਏ ਸਿੱਧੀ ਬਿਜਾਈ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਇਸ ਵਾਰ ਬੇਸ਼ਕ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨਾਂ ਵਲੋਂ ਮਸ਼ੀਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ , ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਪੰਜਾਬੀ ਮਜ਼ਦੂਰਾਂ ਦੀ ਮਦਦ ਨਾਲ ਹੱਥੀਂ ਝੋਨਾ ਲਗਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਕਿਸਾਨਾਂ ਨੇ ਪੰਜਾਬੀ ਮਜ਼ਦੂਰਾਂ ਕੋਲੋਂ ਝੋਨਾ ਲਗਵਾਉਣਾ ਸ਼ੁਰੂ ਵੀ ਕਰ ਦਿੱਤਾ ਹੈ । ਪਰਵਾਸੀ ਮਜ਼ਦੂਰਾਂ ਦੀ ਘਾਟ ਤਾਂ ਕਿਸਾਨਾਂ ਨੂੰ ਰੜਕ ਰਹੀ ਹੈ , ਪਰ ਅਜਿਹੇ 'ਚ ਪੰਜਾਬੀ ਮਜ਼ਦੂਰਾਂ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾਣਾ , ਪੰਜਾਬੀਆਂ ਦੀ ਜ਼ਿੰਦਾਦਿਲੀ ਅਤੇ ਮਿਹਨਤ ਦੀ ਗਵਾਹੀ ਭਰਦਾ ਹੈ ।

Related Post