ਲੁਧਿਆਣਾ ਪੁਲਿਸ ਦੀ ਹਿਰਾਸਤ 'ਚ ਮੁਲਜ਼ਮ ਦੀ ਮੌਤ

By  Jasmeet Singh December 17th 2022 12:40 PM -- Updated: December 17th 2022 12:56 PM

ਲੁਧਿਆਣਾ, 17 ਦਸੰਬਰ: ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਇੱਕ ਮੁਲਜ਼ਮ ਜੋ ਪਿਛਲੇ ਕਰੀਬ 4 ਮਹੀਨਿਆਂ ਤੋਂ ਰਿਸ਼ਵਤਖੋਰੀ ਦੇ ਇਮਜ਼ਲਮਾਂ 'ਚ ਪੁਲਿਸ ਹਿਰਾਸਤ 'ਚ ਸੀ, ਦੀ ਬੀਤੀ ਦੇਰ ਸ਼ਾਮ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗ੍ਰਿਫਤਾਰ ਕੀਤੇ ਗਏ ਕਲਰਕ ਹਰਮੀਤ ਸਿੰਘ ਗਿੱਲ (48) ਦੀ ਸ਼ੁੱਕਰਵਾਰ ਦੇਰ ਸ਼ਾਮ ਲੁਧਿਆਣਾ ਕੇਂਦਰੀ ਜੇਲ੍ਹ 'ਚ ਮੌਤ ਹੋ ਗਈ।

ਹਰਮੀਤ ਸਿੰਘ ਦੀ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਹੀਂ ਦੱਸੀ ਜਾ ਰਹੀ ਸੀ। ਹਾਸਿਲ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੋਂ ਉਸਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉਸਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਦੱਸੀ ਜਾ ਰਹੀ ਸੀ। ਜਿਸ ਤੋਂ ਬਾਅਦ ਦੇਰ ਸ਼ਾਮ ਇਲਾਜ ਲਈ ਉਸਨੂੰ ਲੁਧਿਆਣਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। 

ਇੱਥੇ ਵੱਡਾ ਸਵਾਲ ਇਹ ਹੈ ਕਿ ਜਦੋਂ ਮੁਲਜ਼ਮ, ਜਿਸ 'ਤੇ ਅਜੇ ਦੋਸ਼ ਸਾਬਿਤ ਨਹੀਂ ਹੋਏ ਸਨ ਤੇ ਪੁਲਿਸ ਹਿਰਾਸਤ 'ਚ ਉਸਦੀ ਮੌਤ ਹੋ ਗਈ ਹੈ ਤਾਂ ਜ਼ਿੰਮੇਵਾਰੀ ਸਬੰਧਿਤ ਪੁਲਿਸ ਮੁਲਾਜ਼ਮਾਂ ਦੀ ਬਣਦੀ ਹੈ। ਜਦੋਂ ਮੁਲਜ਼ਮ ਨੂੰ ਸਿਹਤ ਵਿਗੜਨ ਦੇ ਲੱਛਣ ਵਿਖੇ ਤਾਂ ਉਸਨੂੰ ਤੁਰੰਤ ਹੀ ਡਾਕਟਰੀ ਸਹਾਇਤਾ ਪ੍ਰਾਪਤ ਕਰਵਾਉਣੀ ਪੁਲਿਸ ਮੁਲਜ਼ਮਾਂ ਦੀ ਡਿਊਟੀ ਬਣਦੀ ਸੀ। ਇਸ ਮਾਮਲੇ 'ਚ ਪੁਲਿਸ ਜੇਲ੍ਹ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਕਿ ਵਿਭਾਗ ਸਬੰਧਿਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੀ ਕਾਰਵਾਈ ਕਰਦਾ ਹੈ।   

- ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ 

Related Post