ਅਮਰੀਕਾ ਵਿਖੇ ਕੋਰੋਨਾ ਦੇ ਸ਼ਿਕਾਰ ਹੋਏ ਪੰਜਾਬੀ ਵਿਅਕਤੀ ਦੀ ਮੌਤ

By  Panesar Harinder April 18th 2020 01:45 PM -- Updated: April 18th 2020 01:50 PM

ਕਪੂਰਥਲਾ - ਕੋਰੋਨਾ ਵਾਇਰਸ ਵਿਰੁੱਧ ਵਿਸ਼ਵ-ਵਿਆਪੀ ਜੰਗ ਜਾਰੀ ਹੈ ਅਤੇ ਜਿੱਥੇ ਕੁਝ ਮਰੀਜ਼ਾਂ ਦੀ ਠੀਕ ਹੋਣ ਦੀ ਖ਼ਬਰ ਨਾਲ ਕੁਝ ਰਾਹਤ ਮਿਲਦੀ ਹੈ, ਉੱਥੇ ਹੀ ਇਸ ਦੇ ਸ਼ਿਕਾਰ ਮਰੀਜ਼ਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਬਾਰੇ ਜਾਣ ਕੇ ਦੁੱਖ ਵੀ ਬਹੁਤ ਲੱਗਦਾ ਹੈ। ਤਾਜ਼ਾ ਖ਼ਬਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਤੋਂ ਹੈ ਜਿੱਥੋਂ ਦੇ ਇੱਕ ਸਿੱਖ ਵਿਅਕਤੀ ਦੀ ਅਮਰੀਕਾ ਵਿਖੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਕਾਰਨ ਮੌਤ ਹੋਣ ਬਾਰੇ ਪਤਾ ਲੱਗਿਆ ਹੈ।

ਮ੍ਰਿਤਕ ਦਾ ਨਾਂਅ ਅਵਤਾਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਮੌਤ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਹੋਈ ਹੈ। ਪਿੰਡ ਨੰਗਲ ਲੁਬਾਣਾ ਦੇ ਨੰਬਰਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਜੀ ਅਵਤਾਰ ਸਿੰਘ ਸਪੁੱਤਰ ਸ. ਸਾਹਿਬ ਸਿੰਘ ਪਿਛਲੇ ਲਗਭਗ 25 ਸਾਲਾਂ ਤੋਂ ਅਮਰੀਕਾ ਵਿਖੇ ਰਹਿ ਰਹੇ ਸੀ, ਅਤੇ ਉੱਥੇ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦਾ ਪਰਿਵਾਰ ਵੀ ਅਮਰੀਕਾ ਵਿਖੇ ਹੀ ਸੀ ਜਿਸ 'ਚ ਅਵਤਾਰ ਸਿੰਘ ਦੀ ਪਤਨੀ, ਦੋ ਪੁੱਤਰ ਤੇ ਦੋ ਧੀਆਂ ਸ਼ਾਮਲ ਹਨ। ਸੰਤੋਖ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਅਮਰੀਕਾ ਵਿਖੇ ਉਸਾਰੀ ਦਾ ਕੰਮ ਕਰਦੇ ਸੀ ਅਤੇ ਉਹ ਕਿਡਨੀ ਦੇ ਰੋਗ ਨਾਲ ਪੀੜਤ ਸਨ। ਇਸ ਖ਼ਬਰ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਤੇ ਸਾਰਾ ਪਿੰਡ ਅਵਤਾਰ ਸਿੰਘ ਦੇ ਪਰਿਵਾਰ ਦੇ ਬਾਕੀ ਜੀਆਂ ਦੀ ਸਲਾਮਤੀ ਲਈ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਹੈ।

ਅਮਰੀਕਾ 'ਚ ਕੋਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਹੁਣ ਤੱਕ ਇੱਥੇ 6,70,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 34,000 ਤੋਂ ਵੱਧ ਲੋਕਾਂ ਦੀ ਇਸ ਨਾਲ ਮੌਤ ਦੀ ਪੁਸ਼ਟੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਅਮਰੀਕਾ ਸਮੇਤ ਇਸ ਦਾ ਕਹਿਰ ਸਾਰੀ ਦੁਨੀਆ 'ਚ ਫ਼ੈਲਿਆ ਹੋਇਆ ਹੈ ਅਤੇ ਇਸ ਦਾ ਪੱਕਾ ਤੇ ਸਥਾਈ ਇਲਾਜ ਨਾ ਹੋਣ ਕਾਰਨ ਇਹ ਹਾਲੇ ਕਾਬੂ ਤੋਂ ਬਾਹਰ ਹੈ। ਇਸ ਵੇਲੇ ਕੋਰੋਨਾ ਵਾਇਰਸ ਦਾ ਪੱਕਾ ਇਲਾਜ ਸੰਸਾਰ ਭਰ ਦੇ ਸਿਹਤ ਵਿਗਿਆਨੀਆਂ ਦੇ ਖੋਜ ਕਾਰਜਾਂ ਦਾ ਮੁੱਖ ਵਿਸ਼ਾ ਹੈ ਅਤੇ ਇਸ ਲਈ ਉਹ ਨਿਰੰਤਰ ਕਾਰਜਸ਼ੀਲ ਹਨ।

Related Post