ਇਰਾਕ 'ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਵੇ ਪੰਜਾਬ ਸਰਕਾਰ

By  Joshi April 2nd 2018 08:25 PM

Punjabis killed by ISIS in Iraq: SAD asks govt to give 1 crore compensation: ਇਰਾਕ 'ਚ ਆਈਐਸਆਈਐਸ ਦੁਆਰਾ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਵੇ ਪੰਜਾਬ ਸਰਕਾਰ: ਅਕਾਲੀ ਦਲ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਆਈਐਸਆਈਐਸ ਦੁਆਰਾ ਇਰਾਕ ਵਿਚ ਮਾਰੇ ਗਏ ਪੰਜਾਬੀਆਂ ਦੇ ਟੱਬਰਾਂ ਨੂੰ ਪ੍ਰਤੀ ਪਰਿਵਾਰ ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਵੇ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੇ ਇਰਾਕ ਵਿਚ ਆਪਣੇ ਪਿਆਰਿਆਂ ਦੀਆਂ ਆਖਰੀ ਨਿਸ਼ਾਨੀਆਂ ਮਿਲਣ ਤੋਂ ਪਹਿਲਾਂ ਚਾਰ ਸਾਲ ਉਹਨਾਂ ਦੀ ਉਡੀਕ ਦਾ ਸੰਤਾਪ ਭੋਗਿਆ ਹੈ।ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਇਹਨਾਂ ਪੀੜਤ ਪਰਿਵਾਰਾਂ ਲਈ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਸ਼ੁਰੂ ਕੀਤੀ ਸੀ। ਹੁਣ ਪਤਾ ਚੱਲਿਆ ਹੈ ਕਿ ਉਹ ਇਸ ਦੁਨੀਆਂ ਉੱਤੇ ਨਹੀਂ ਰਹੇ, ਇਸ ਲਈ ਪੰਜਾਬ ਸਰਕਾਰ ਨੂੰ ਉਹਨਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਬਜੀਤ ਸਿੰਘ, ਜਿਸ ਨੂੰ ਪਾਕਿਸਤਾਨ ਵਿਚ ਫਾਂਸੀ ਦੇ ਦਿੱਤੀ ਸੀ, ਦੇ ਮਾਮਲੇ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇ ਮੁਆਵਜ਼ਾ ਅਤੇ ਮਾਰੇ ਗਏ ਵਿਅਕਤੀ ਦੀਆਂ ਧੀਆਂ ਨੂੰ ਦੋ ਸਰਕਾਰੀ ਨੌਕਰੀਆਂ ਦੇ ਕੇ ਇੱਕ ਪਿਰਤ ਪਾਈ ਜਾ ਚੁੱਕੀ ਹੈ। ਇਹਨਾਂ ਵਿਚੋਂ ਇੱਕ ਨੌਕਰੀ ਨਾਇਬ ਤਹਿਸੀਲਦਾਰ ਦੀ ਸੀ। ਉਹਨਾਂ ਕਿਹਾ ਕਿ ਹੁਣ ਵੀ ਸਰਕਾਰ ਨੂੰ ਇਹੀ ਕਰਨਾ ਚਾਹੀਦਾ ਹੈ। ਅਸੀਂ ਇਸ ਮੁੱਦੇ ਉੱਤੇ ਕੋਈ ਸਿਆਸਤ ਨਹੀਂ ਕਰਨਾ ਚਾਹੁੰਦੇ। ਸਰਕਾਰ ਪੀੜਤ ਪਰਿਵਾਰਾਂ ਨਾਲ ਬੈਠ ਕੇ ਵਿਚਾਰ ਚਰਚਾ ਕਰਨ ਮਗਰੋਂ ਮੁਆਵਜ਼ਾ ਅਤੇ ਦੂਜੇ ਲਾਭ ਦੇਣ ਬਾਰੇ ਫੈਸਲਾ ਲੈ ਸਕਦੀ ਹੈ।

—PTC News

Related Post