ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ

By  Riya Bawa October 29th 2021 01:17 PM

ਨਵੀਂ ਦਿੱਲੀ: ਟਿੱਕਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਇਸ 'ਤੇ ਭਾਰਤੀ ਕਿਸਾਨ ਯੂਨੀਅਨ (BKU) ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਕਿਹਾ ਕਿ ਕਿਸਾਨ ਸੰਸਦ ਵਿੱਚ ਜਾ ਕੇ ਫਸਲ ਵੇਚਣਗੇ। ਪਹਿਲਾਂ ਸਾਡੇ ਟਰੈਕਟਰ ਦਿੱਲੀ (Tractor in Delhi) ਜਾਣਗੇ।

ਟਿਕੈਤ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਸੁਪਰੀਮ ਕੋਰਟ (Supreme Court) ਦੇ ਆਦੇਸ਼ ਉੱਪਰ ਸੜਕਾਂ ਖੁੱਲ੍ਹਵਾਉਣ ਦੀ ਚਰਚਾ ਚੱਲ ਰਹੀ ਹੈ। ਟਿਕੈਤ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲ ਨਹੀਂ ਹੋਈ ਹੈ। ਜਿਸ ਦਿਨ ਟਰੈਕਟਰ ਦਾ ਰਸਤਾ ਨਿਕਲ ਜਾਵੇਗਾ, ਉਹ ਟਰੈਕਟਰ ਤੋਂ ਫਸਲ ਵੇਚਣ ਲਈ ਦਿੱਲੀ ਚਲਾ ਜਾਵੇਗਾ।

ਟਿਕੈਤ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਹੈ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ। ਅਸੀਂ ਫਸਲ ਵੇਚਣ ਲਈ ਦਿੱਲੀ ਜਾਵਾਂਗੇ। ਟਿਕੈਤ ਦਾ ਕਹਿਣਾ ਹੈ ਕਿ ਅਸੀਂ ਰਸਤਾ ਨਹੀਂ ਰੋਕਿਆ ਤੇ ਰੋਡ ਜਾਮ ਕਰਨਾ ਸਾਡੇ ਵਿਰੋਧ ਦਾ ਹਿੱਸਾ ਨਹੀਂ।

 

ਦੱਸ ਦਈਏ ਕਿ ਸੜਕਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪਟੀਸ਼ਨ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ। ਇਸ ਉੱਪਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਧਰਨੇ ਲਾਉਣ ਦਾ ਹੱਕ ਹੈ ਪਰ ਸੜਕਾਂ ਜਾਮ ਕਰਕੇ ਆਮ ਲੋਕਾਂ ਦਾ ਹੱਕ ਨਹੀਂ ਖੋਹੇ ਜਾ ਸਕਦੇ। ਅਦਾਲਤ ਨੇ ਸਰਕਾਰ ਨੂੰ ਆਦੇਸ਼ ਦਿੱਤੇ ਸੀ ਕਿ ਮਸਲੇ ਦਾ ਕੋਈ ਹੱਲ਼ ਕੱਢਿਆ ਜਾਵੇ। ਅਦਾਲਤ ਨੇ ਕਿਸਾਨਾਂ ਤੋਂ ਵੀ ਜਵਾਬ ਮੰਗਿਆ ਸੀ।

-PTC News

Related Post