ਰਾਣਾ ਸੋਢੀ ਪੰਜਾਬ ਦੀ ਮਾਂ-ਖੇਡ ਦਾ ਉਸ ਦੀ ਜਨਮ ਭੂਮੀ ਉੱਤੇ ਕਤਲ ਕਰ ਰਹੇ ਹਨ:ਸ਼੍ਰੋਮਣੀ ਅਕਾਲੀ ਦਲ

By  Shanker Badra April 24th 2018 06:58 PM

ਰਾਣਾ ਸੋਢੀ ਪੰਜਾਬ ਦੀ ਮਾਂ-ਖੇਡ ਦਾ ਉਸ ਦੀ ਜਨਮ ਭੂਮੀ ਉੱਤੇ ਕਤਲ ਕਰ ਰਹੇ ਹਨ:ਸ਼੍ਰੋਮਣੀ ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਨਵੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਰਕਲ ਸਟਾਈਲ ਕਬੱਡੀ ਵਾਸਤੇ ਸਰਕਾਰੀ ਮੱਦਦ ਬੰਦ ਕਰਨ ਦਾ ਐਲਾਨ ਕਰਕੇ ਪੰਜਾਬ ਦੀ ਮਾਂ-ਖੇਡ ਦਾ ਕਤਲ ਕਰਨ ਲਈ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਦੁਨੀਆਂ ਭਰ ਵਿਚ ਰਹਿੰਦੇ ਪੰਜਾਬੀਆਂ ਅਤੇ ਪੰਜਾਬ ਨਾਲ ਸਭ ਤੋਂ ਵੱਡਾ ਧੱਕਾ ਕਰਾਰ ਦਿੱਤਾ ਹੈ।

ਸਾਬਕਾ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਵਿਸ਼ਵ ਕਬੱਡੀ ਕੱਪ ਖ਼ਿਲਾਫ ਰਾਣਾ ਸੋਢੀ ਦੀ ਈਰਖਾ ਅਤੇ ਨਰਾਜ਼ਗੀ ਨੂੰ ਕੋਈ ਨਹੀਂ ਸਮਝ ਸਕਦਾ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵਿਸ਼ਵ ਕਬੱਡੀ ਕੱਪ ਨੂੰ ਸ਼ੁਰੂ ਕਰਕੇ ਕਬੱਡੀ ਦੀ ਖੇਡ ਨੂੰ ਪੰਜਾਂ ਮਹਾਂਦੀਪਾਂ ਦੇ 25 ਮੁਲਕਾਂ ਤਕ ਲੈ ਗਏ ਹਨ।ਉਹਨਾਂ ਕਿਹਾ ਕਿ ਪਰੰਤੂ ਖੇਡ ਮੰਤਰੀ ਨੇ ਆਪਣਾ ਮੰਤਰਾਲਾ ਸੰਭਾਲਣ ਮਗਰੋ ਪਹਿਲੇ ਦਿਨ ਹੀ ਐਲਾਨ ਕਰ ਦਿੱਤਾ ਹੈ ਕਿ ਸਰਕਲ ਕਬੱਡੀ ਦਾ ਪੰਜਾਬ ਖੇਡ ਵਿਭਾਗ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਇਸ ਨੂੰ ਅੱਗੇ ਤੋਂ ਖੇਡ ਵਿਭਾਗ ਦੇ ਕੈਲੰਡਰ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ।

ਇਹ ਟਿੱਪਣੀਆਂ ਕਰਦਿਆਂ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਰਾਣਾ ਸੋਢੀ ਪੰਜਾਬ ਦੀ ਖੇਡ ਪਰੰਪਰਾ ਅਤੇ ਸੱਭਿਆਚਾਰ ਬਾਰੇ ਕੁੱਝ ਨਹੀਂ ਜਾਣਦੇ,ਅਕਾਲੀ ਆਗੂ ਨੇ ਕਿਹਾ ਕਿ ਮੰਤਰੀ ਨੂੰ ਇਹ ਗੱਲ ਜਾਣਨੀ ਚਾਹੀਦੀ ਹੈ ਕਿ ਸਰਕਲ ਕਬੱਡੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਖੇਡ ਹੈ।ਉਹਨਾਂ ਕਿਹਾ ਕਿ ਸਾਡੇ ਸਾਰੇ ਪੇਂਡੂ ਮੇਲਿਆਂ ਵਿਚ ਸਰਕਲ ਕਬੱਡੀ ਦੇ ਟੂਰਨਾਮੈਂਟ ਹੁੰਦੇ ਹਨ।ਵੱਡੀ ਗਿਣਤੀ ਵਿਚ ਸਰਕਲ ਕਬੱਡੀ ਦੇ ਖਿਡਾਰੀਆਂ ਕਾਰਣ ਹੀ 2010 ਵਿਚ ਥਸੁਰੂ ਕੀਤਾ ਵਿਸ਼ਵ ਕਬੱਡੀ ਕੱਪ ਇੰਨਾ ਜ਼ਿਆਦਾ ਕਾਮਯਾਬ ਹੋਇਆ ਹੈ।ਸਰਕਲ ਕਬੱਡੀ ਪਾਕਿਸਤਾਨ,ਸ੍ਰੀ ਲੰਕਾ ਅਤੇ ਨੇਪਾਲ ਵਿਚ ਵੀ ਪ੍ਰਸਿੱਧ ਹੈ ਅਤੇ ਹੁਣ ਅਫਰੀਕਾ,ਆਸਟਰੇਲੀਆ, ਯੂਰਪ ਅਤੇ ਅਮਰੀਕਾ ਵਿਚ ਵੀ ਖੇਡੀ ਜਾਂਦੀ ਹੈ।

ਮਲੂਕਾ ਨੇ ਕਿਹਾ ਕਿ ਨਵੇਂ ਖੇਡ ਮੰਤਰੀ ਇਹ ਗੱਲ ਵੀ ਜਾਣਦੇ ਨਹੀਂ ਲੱਗਦੇ ਕਿ ਖੇਡ ਵਿਭਾਗ ਨੇ ਹਮੇਸ਼ਾਂ ਹੀ ਸਰਕਲ ਕਬੱਡੀ ਨੂੰ ਉਤਸ਼ਾਹਿਤ ਕੀਤਾ ਹੈ।ਉਹਨਾਂ ਕਿਹਾ ਕਿ ਖੇਡ ਵਿਭਾਗ ਨੇ ਸਰਕਲ ਕਬੱਡੀ ਨੂੰ ਮਾਨਤਾ ਦਿੱਤੀ ਹੈ।ਇਹ ਕਾਲਜਾਂ ਅਤੇ ਪੇਸ਼ਾਵਰ ਸੰਸਥਾਨਾਂ ਵਿਚ ਦਾਖਲੇ ਲਈ ਦਰਜਾ ਸੂਚੀ ਵਿਚ ਸ਼ਾਮਿਲ ਹੈ।ਇਹ ਸਰਕਾਰੀ ਨੌਕਰੀਆਂ ਦੇਣ ਸੰਬੰਧੀ ਸੂਚੀ ਵਿਚ ਵੀ ਮੌਜੂਦ ਹੈ।ਖੇਡ ਕੈਲੰਡਰ ਤੋਂ ਸਰਕਲ ਕਬੱਡੀ ਨੂੰ ਹਟਾ ਕੇ ਰਾਣਾ ਸੋਢੀ ਨੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਦੀ ਯੋਜਨਾ ਉਲੀਕੀ ਹੈ।ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਅਤੇ ਇਸ ਘਿਨੌਣੀ ਸਾਜਿਸ਼ ਦਾ ਪੂਰਾ ਤਾਣ ਲਾ ਕੇ ਵਿਰੋਧ ਕਰਾਂਗੇ।

-PTCNews

Related Post