ਰਵੀਦਾਸ,ਕਬੀਰ ਅਤੇ ਅੰਬੇਦਕਰ ਦੇ ਜਨਮ ਦਿਹਾੜੇ ਪਾਰਟੀ ਪੱਧਰ ਤੇ ਮਨਾਏ ਜਾਣਗੇ:ਸ਼੍ਰੋਮਣੀ ਅਕਾਲੀ ਦਲ

By  Shanker Badra July 19th 2018 04:40 PM

ਰਵੀਦਾਸ,ਕਬੀਰ ਅਤੇ ਅੰਬੇਦਕਰ ਦੇ ਜਨਮ ਦਿਹਾੜੇ ਪਾਰਟੀ ਪੱਧਰ ਤੇ ਮਨਾਏ ਜਾਣਗੇ:ਸ਼੍ਰੋਮਣੀ ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ,ਮਹਾਂਰਿਸ਼ੀ ਬਾਲਮੀਕ ਜੀ,ਭਗਤ ਕਬੀਰ ਜੀ, ਬਾਬਾ ਜੀਵਨ ਸਿੰਘ ਜੀ ਅਤੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਆਪਣੇ ਪੱਧਰ ਉੱਤੇ ਮਨਾਏ ਜਾਣਗੇ।ਇਸ ਤੋਂ ਇਲਾਵਾ ਉਹਨਾਂ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਨ ਅਤੇ ਜ਼ਿਲ੍ਹਾ ਪੱਧਰ ਉੱਤੇ ਵਰਕਿੰਗ ਕਮੇਟੀਆਂ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।ਬੀਤੇ ਦਿਨੀ ਇੱਥੇ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਅਤੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਦੀ ਇੱਕ ਮੀਟਿੰਗ ਦੌਰਾਨ ਇਹ ਅਹਿਮ ਫੈਸਲੇ ਲਏ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਪਾਰਟੀ ਬੁਲਾਰੇ ਨੇ ਦੱਸਿਆ ਕਿ ਸ.ਬਾਦਲ ਨੇ ਐਸ ਸੀ ਵਿੰਗ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੂੰ 15 ਅਗਸਤ 2018 ਤਕ ਆਪਣੇ ਅਧੀਨ ਸਾਰੇ ਸਰਕਲਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨਾਂ ਨੂੰ ਆਪੋ ਆਪਣੇ ਜ਼ਿਲਿਆਂ ਦੀਆਂ 51 ਮੈਂਬਰੀ ਵਰਕਿੰਗ ਕਮੇਟੀਆਂ ਬਣਾਉਣ ਲਈ ਵੀ ਆਖਿਆ ਗਿਆ ਹੈ।ਬੁਲਾਰੇ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਕਿਹਾ ਹੈ ਕਿ ਸਾਰੇ ਸਰਕਲ ਪ੍ਰਧਾਨ ਆਪੋ ਆਪਣੇ ਸਰਕਲ ਦੀ ਇੱਕ 31 ਮੈਂਬਰੀ ਵਰਕਿੰਗ ਕਮੇਟੀ ਵੀ ਬਣਾਉਣਗੇ। ਇਸ ਤੋਂ ਇਲਾਵਾ ਸਮੂਹ ਜ਼ਿਲ੍ਹਾ ਪ੍ਰਧਾਨ ਮਹੀਨੇ ਵਿਚ ਇੱਕ ਵਾਰ ਜ਼ਿਲ੍ਹਾ ਪੱਧਰ 'ਤੇ ਇੱਕ ਮੀਟਿੰਗ ਜਰੂਰ ਕਰਨਗੇ।ਉਹਨਾਂ ਕਿਹਾ ਕਿ ਹਰ ਮੀਟਿੰਗ ਵਿਚ ਸਮੂਹ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਕਾਰਵਾਈ ਰਜਿਸਟਰ ਉੱਤੇ ਦਰਜ ਕੀਤੀ ਜਾਵੇਗੀ,ਜਿਸ ਉੱੱਤੇ ਹਾਜ਼ਰ ਮੈਂਬਰਾਂ ਦੇ ਦਸਤਖ਼ਤ ਕਰਵਾਉਣੇ ਲਾਜ਼ਮੀ ਹੋਣਗੇ।

ਬੁਲਾਰੇ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਇਹ ਵੀ ਕਿਹਾ ਹੈ ਕਿ ਉਹ ਅਕਾਲੀ ਦਲ ਦੀ ਜ਼ਿਲ੍ਹਾ ਪੱਧਰ ਉਤੇ ਹੋਣ ਵਾਲੀ ਮਹੀਨਾਵਾਰ ਮੀਟਿੰਗ ਵਿਚ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਉਣਗੇ।ਉਹਨਾਂ ਇਹ ਵੀ ਕਿਹਾ ਕਿ ਐਸ.ਸੀ ਵਿੰਗ ਦੇ ਬੁੱਧੀਜੀਵੀ ਵਰਗ ਵਿਚੋਂ ਵੀ ਇੱਕ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਐਸ.ਸੀ ਵਿੰਗ ਵਿਚੋਂ 5 ਵਧੀਆ ਬੁਲਾਰਿਆਂ ਦੀ ਨਿਯੁਕਤੀ ਕੀਤੀ ਜਾਵੇਗੀ,ਜਿਸ ਵਾਸਤੇ ਉਹਨਾਂ ਵਿੰਗ ਆਗੂਆਂ ਨੂੰ ਨਾਂ ਦੇਣ ਦੀ ਹਦਾਇਤ ਕੀਤੀ।

ਪਾਰਟੀ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੂੰ ਸਿਖਲਾਈ ਦੇਣ ਲਈ ਪਾਰਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ,ਸ੍ਰੀ ਤਲਵੰਡੀ ਸਾਬੋ (ਦਮਦਮਾ ਸਾਹਿਬ) ਅਤੇ ਸ੍ਰੀ ਅੰਮ੍ਰਿਤਸਾਰ ਸਾਹਿਬ ਵਿਖੇ ਟਰੇਨਿੰਗ ਕੈਂਪ ਲਗਾਏ ਜਾਣਗੇ। ਉਹਨਾਂ ਇਹ ਵੀ ਹਦਾਇਤ ਦਿੱਤੀ ਕਿ ਐਸ.ਸੀ ਵਿੰਗ ਦੇ ਸਮੂਹ ਪ੍ਰਧਾਨ/ ਵਰਕਿੰਗ ਮੈਂਬਰ ਸੋਸ਼ਲ ਮੀਡੀਆ (ਫੇਸਬੁੱਕ) ਉਤੇ ਆਪਸੀ ਤਾਲਮੇਲ ਬਣਾ ਕੇ ਰੱਖਣਗੇ।ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਵੱਲੋਂ ਇਹ ਵੀ ਕਿਹਾ ਗਿਆ ਕਿ ਐਸ.ਸੀ ਵਿੰਗ ਦੇ ਸਾਰੇ ਮੈਂਬਰਾਂ/ਅਹੁਦੇਦਾਰਾਂ ਦੇ ਸ਼ਨਾਖ਼ਤੀ ਕਾਰਡ ਬਣਾਏ ਜਾਣਗੇ।ਉਹਨਾਂ ਇਹ ਵੀ ਕਿਹਾ ਕਿ ਐਸ.ਸੀ ਵਿੰਗ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਚ ਇੱਕ ਦਫ਼ਤਰੀ ਕਮਰਾ ਅਲਾਟ ਕੀਤਾ ਜਾਵੇਗਾ ਅਤੇ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

-PTCNews

Related Post