ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਤੋਂ ਛੇਤੀ ਖੋਲ੍ਹਿਆ ਜਾਵੇ: ਹਰਸਿਮਰਤ ਕੌਰ ਬਾਦਲ

By  Shanker Badra December 19th 2020 06:39 PM

ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਤੋਂ ਛੇਤੀ ਖੋਲ੍ਹਿਆ ਜਾਵੇ: ਹਰਸਿਮਰਤ ਕੌਰ ਬਾਦਲ: ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਤੋਂ ਛੇਤੀ ਖੋਲਿ੍ਹਆ ਜਾਵੇ ਕਿਉਂਕਿ ਦੁਨੀਆਂ ਭਰ ਦੇ ਸਿੱਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਖਰੀ ਕਿਰਤ ਸਥਾਨ ਦੇ 551ਵੇਂ ਪ੍ਰਕਾਸ਼ ਪੁਰਬ ’ਤੇ ਦਰਸ਼ਨ ਨਾ ਹੋ ਸਕਣ ਕਾਰਨ ਦੁਖੀ ਹਨ। ਸਰਦਾਰਨੀ ਬਾਦਲ, ਜਿਹਨਾਂ ਨੇ ਕੱਲ੍ਹ ਵਿਦੇਸ਼ ਮੰਤਰਾਲੇ ਦੀ ਕਮੇਟੀ ਜਿਸਦੇ ਉਹ ਮੈਂਬਰ ਹਨ, ਵਿਚ ਇਹ ਮਾਮਲਾ ਉਠਾਇਆ, ਨੇ ਕਿਹਾ ਕਿ ਉਹਨਾਂ ਨੂੰ ਐਮਈਏ ਤੋਂ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਕਿ ਲਾਂਘਾ ਹਾਲੇ ਤੱਕ ਬੰਦ ਕਿਉਂ ਹੈ।

ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ ਅਤੇ ਇਸਨੂੰ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਕੋਲ ਚੁੱਕਣਾ ਚਾਹੀਦਾ ਹੈ ਕਿ ਲਾਂਘਾ ਛੇਤੀ ਤੋਂ ਛੇਤੀ ਖੁੱਲ੍ਹੇ। ਸਰਦਾਰਨੀ ਬਾਦਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਰਾ ਮੁਲਕ ਜਦੋਂ ਖੁੱਲ੍ਹ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ ਤਾਂ ਫਿਰ ਕਰਤਾਰਪੁਰ ਸਾਹਿਬ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ। ਪਾਕਿਸਤਾਨ ਸਰਕਾਰ ਨੇ ਦੋ ਮਹੀਨੇ ਪਹਿਲਾਂ ਹੀ ਲਾਂਘਾ ਸਫਰ ਵਾਸਤੇ ਖੋਲ੍ਹ ਦਿੱਤਾ ਸੀ।

ਭਾਰਤ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ ਤੇ ਇਸ ਨਾਲ ਸਿਹਤ ਨਿਯਮ ਵੀ ਲਾਗੂ ਕਰਨੇ ਚਾਹੀਦੇ ਹਨ ਕਿਉਂਕਿ ਲਾਂਘਾ 16 ਮਾਰਚ ਨੂੰ ਕੋਰੋਨਾ ਮਹਾਮਾਰੀ ਕਾਰਨ ਆਰਜ਼ੀ ਤੌਰ ’ਤੇ ਬੰਦ ਕੀਤਾ ਗਿਆ ਸੀ। ਬਠਿੰਡਾ ਦੀ ਐਮਪੀ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਦੁਨੀਆਂ ਭਰ ਵਿਚ ਧਾਰਮਿਕ ਸਥਾਨ ਅਤੇ ਮੁਲਕ ਖੁੱਲ੍ਹ ਗਏ ਹਨ ,ਜਿਹਨਾਂ ਨੂੰ ਕੋਰੋਨਾ ਮਹਾਮਾਰੀ ਕਾਰਨ ਅੰਸ਼ਕ ਤੌਰ ’ਤੇ ਜਾਂ ਪੂਰਨ ਤੌਰ ’ਤੇ ਬੰਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਵਿਚ ਲਾਂਘੇ ਨੂੰ ਮੁੜ ਖੋਲ੍ਹਣ ਨੁੰ ਲੈ ਕੇ ਉਤਸ਼ਾਹ ਹੈ ਕਿ ਸ਼ਰਧਾਲੂ ਹੁਣ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਚ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ 18 ਸਾਲਾਂ ਤੱਕ ਜਿਹੜੇ ਖੇਤਾਂ ਵਿਚ ਖੇਤੀਬਾੜੀ ਕੀਤੀ ਗਈ, ਉਸਦੇ ਦਰਸ਼ਨ ਕਰ ਸਕਣਗੇ।

ਸਿੱਖਾਂ ਨੂੰ ਆਸ ਸੀ ਕਿ ਲਾਂਘਾ 30 ਨਵੰਬਰ ਨੁੰ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ’ਤੇ ਮੁੜ ਖੁੱਲ੍ਹੇਗਾ ਪਰ ਇਹ ਆਸਾਂ ਧਰੀਆਂ ਧਰਾਈਆਂ ਰਹਿ ਗਈਆਂ। ਉਹਨਾਂ ਹਿਕਾ ਕਿ ਭਾਈਚਾਰੇ ਇਸ ਵੱਲੋਂ ਹੈਰਾਨ ਹੈ ਕਿ ਕੇਂਦਰ ਸਰਕਾਰ ਲਾਂਘਾ ਕਿਉਂ ਨਹੀਂ ਖੋਲ੍ਹ ਰਹੀ ਜਦਕਿ ਇਹ ਸਰਬ ਸਾਂਝੀਵਾਲਤਾ ਤੇ ਸ਼ਾਂਤੀ ਦਾ ਪ੍ਰਤੀਕ ਹੈ ਤੇ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦਾ 551 ਸਾਲਾਪ੍ਰਕਾਸ਼ ਪੁਰਬ ਕਰਤਾਰਪੁਰ ਸਾਹਿਬ ਵਿਖੇ ਮਨਾਉਣ ਦਾ ਮੌਕਾ ਵੀ ਖੁੰਝਾ ਦਿੱਤਾ ਹੈ।

-PTCNews

Related Post