ਦੁੱਧ ਵਾਲੇ ਟੈਂਕਰ ਤੇ ਕਾਰ ਵਿਚਾਲੇ ਭਿਆਨਕ ਟੱਕਰ, ਟੈਂਕਰ ਨੂੰ ਲੱਗੀ ਅੱਗ

By  Panesar Harinder May 25th 2020 04:22 PM

ਹੁਸ਼ਿਆਰਪੁਰ - ਹੁਸ਼ਿਆਰਪੁਰ ਦੇ ਭਰਵਾਈ ਰੋਡ 'ਤੇ ਸਲਵਾੜਾ ਚੌਕ ਵਿਖੇ, ਬੀਤੀ ਰਾਤ ਲਗਭਗ 1 ਵਜੇ ਇੱਕ ਕਾਰ ਤੇ ਦੁੱਧ ਦੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਐਨੇ ਜ਼ੋਰ ਨਾਲ ਹੋਈ ਕਿ ਦੁੱਧ ਵਾਲੀ ਗੱਡੀ ਨੂੰ ਅੱਗ ਲੱਗ ਗਈ। ਐਨੀ ਭਿਆਨਕ ਟੱਕਰ ਅਤੇ ਗੱਡੀ ਨੂੰ ਲੱਗੀ ਅੱਗ ਕਾਰਨ ਲੋਕਾਂ ਵਿੱਚ ਭੱਜ-ਦੌੜ ਮਚ ਗਈ। ਹਿੰਮਤ ਦਿਖਾਉਂਦੇ ਹੋਏ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ ਅਤੇ ਦੁੱਧ ਵਾਲੀ ਗੱਡੀ ਵਿੱਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢ ਕੇ ਬਚਾਇਆ ਤੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ। ਅੱਗ ਬਹੁਤ ਭਿਆਨਕ ਢੰਗ ਨਾਲ ਵਧੀ ਅਤੇ ਉਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਸਟਾਫ਼ ਮੈਂਬਰਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ।

ਮਿਲੀ ਜਾਣਕਾਰੀ ਮੁਤਾਬਕ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੁੱਧ ਵਾਲੀ ਗੱਡੀ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਜਾ ਰਹੀ ਸੀ ਤੇ ਦੂਜੀ ਗੱਡੀ ਵਿੱਚ ਸਵਾਰ ਜਲੰਧਰ ਦੇ ਰਹਿਣ ਵਾਲੇ ਲੋਕ ਚੋਹਾਲ ਤੋਂ ਹੁਸ਼ਿਆਰਪੁਰ ਵੱਲ੍ਹ ਆ ਰਹੇ ਸਨ। ਹਨ੍ਹੇਰੇ ਵਿੱਚ ਦੋਵਾਂ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਦੁੱਧ ਵਾਲੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਭਿਆਨਕ ਟੱਕਰ ਵਿੱਚ ਦੁੱਧ ਵਾਲੀ ਗੱਡੀ ਨੂੰ ਅੱਗ ਲੱਗ ਗਈ ਪਰ ਇਹ ਬਚਾਅ ਰਿਹਾ ਕਿ ਦੋਵੇਂ ਗੱਡੀਆਂ 'ਚ ਬੈਠੇ ਲੋਕਾਂ 'ਚੋਂ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕਾਰ ਤੇ ਦੁੱਧ ਦੇ ਟੈਂਕਰ ਵਿੱਚ ਸਵਾਰ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਫ਼ਿਲਹਾਲ ਕਾਰ ਤੇ ਦੁੱਧ ਵਾਲਾ ਟੈਂਕਰ ਦੋਵੇਂ ਵਾਹਨਾਂ ਨੂੰ ਥਾਣੇ ਭੇਜ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਕੱਲ੍ਹ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਦੇ ਦਾਰਾਪੁਰ ਬਾਈਪਾਸ ਨੇੜੇ ਇੱਕ ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ਦੌਰਾਨ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮੋਟਰਸਾਈਕਲ ਸਵਾਰ ਦਸੂਹੇ ਵੱਲ੍ਹ ਤੋਂ ਆ ਰਿਹਾ ਸੀ ਅਤੇ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਟਕਰਾ ਗਿਆ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਨੈਰੋਵਾਲ ਵੈਧ ਵਜੋਂ ਹੋਈ ਹੈ।

Related Post