ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬੀਆਂ ਤੋਂ ਕਿਨਾਰਾ ਨਾ ਕਰਨ ਅਤੇ ਕੋਵਿਡ-19 ਦੀ ਰੋਕਥਾਮ ਵੱਲ ਧਿਆਨ ਦੇਣ

By  Shanker Badra April 20th 2020 10:59 AM

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬੀਆਂ ਤੋਂ ਕਿਨਾਰਾ ਨਾ ਕਰਨ ਅਤੇ ਕੋਵਿਡ-19 ਦੀ ਰੋਕਥਾਮ ਵੱਲ ਧਿਆਨ ਦੇਣ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਇਸ ਸੰਕਟ ਦੀ ਘੜੀ ਵਿਚ ਪੰਜਾਬੀਆਂ ਤੋਂ ਕਿਨਾਰਾ ਨਾ ਕਰਨ ਅਤੇ ਸੂਬੇ ਅੰਦਰ ਫੈਲੀ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਆਪਣੀ ਸਰਕਾਰੀ ਡਿਊਟੀ ਨਿਭਾਉਣ ਵੱਲ ਧਿਆਨ ਦੇਣ। ਪਾਰਟੀ ਨੇ ਕਿਹਾ ਹੈ  ਕਿ ਇਸ ਸੰਬੰਧੀ ਅਸਲੀਅਤ ਵਿਖਾਉਣ ਉੱਤੇ ਉਹ ਗਾਲੀ ਗਲੋਚ ਦੀ ਭਾਸ਼ਾ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਆਪਣਾ ਸਾਰਾ ਜ਼ੋਰ ਸਿਰਫ ਇਸ ਲਈ ਕੇਂਦਰੀ ਫੂਡ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬੁਰਾ ਭਲਾ ਕਹਿਣ ਉੱਤੇ ਲਾਇਆ ਹੋਇਆ ਹੈ, ਕਿਉਂਕਿ ਉਹਨਾਂ ਨੇ ਉਸ ਨੂੰ ਦੱਸ ਦਿੱਤਾ ਹੈ ਕਿ ਉਸ ਦੀ ਸਰਕਾਰ ਇਸ ਸਾਲ 20 ਮਾਰਚ ਤੋਂ ਲੈ ਕੇ ਕੇਂਦਰ ਕੋਲੋਂ 3485 ਕਰੋੜ ਰੁਪਏ ਹਾਸਿਲ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇੱਕ ਇਸਤਰੀ ਕੇਂਦਰੀ ਮੰਤਰੀ ਬਾਰੇ ਮੰਦਾ ਬੋਲਣ ਦੀ ਬਜਾਇ ਤੁਹਾਡੇ ਲਈ ਚੰਗਾ ਹੋਣਾ ਸੀ ਜੇਕਰ ਤੁਸੀਂ ਪੰਜਾਬੀਆਂ ਨੂੰ ਇਹ ਦੱਸਿਆ ਹੁੰਦਾ ਕਿ ਕੀ ਇਹ ਪੈਸਾ ਸੂਬਾ ਸਰਕਾਰ ਨੇ ਹਾਸਿਲ ਕੀਤਾ ਹੈ ਜਾਂ ਨਹੀਂ? ਉਹਨਾਂ ਕਿਹਾ ਕਿ ਅੱਜ ਕੇਂਦਰੀ ਮੰਤਰੀ ਨੇ ਸੂਬੇ ਨੂੰ ਭੇਜੇ ਇਹਨਾਂ ਪੈਸਿਆਂ ਦਾ ਸਬੂਤ ਵੀ ਜਾਰੀ ਕਰ ਦਿੱਤਾ ਹੈ। ਅੱਜ ਝੂਠਾ ਕੌਣ ਸਾਬਿਤ ਹੋਇਆ ਹੈ?

ਮੁੱਖ ਮੰਤਰੀ ਨੂੰ ਧੁੰਦ ਦਾ ਸਹਾਰਾ ਲੈ ਕੇ ਸੱਚਾਈ ਤੋਂ ਭੱਜਣ ਤੋਂ ਵਰਜਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੂਬਾ ਸਰਕਾਰ ਕੋਲ ਆਫ਼ਤ ਰਾਹਤ ਫੰਡ ਤਹਿਤ 6 ਹਜ਼ਾਰ ਕਰੋੜ ਰੁਪਏ ਪਏ ਹਨ। ਕੀ ਤੁਸੀਂ ਪੰਜਾਬੀਆਂ ਨੂੰ ਦੱਸਣ ਦੀ ਖੇਚਲ ਕਰੋਗੇ ਕਿ ਬੇਹੱਦ ਕਸ਼ਟ ਭੋਗ ਰਹੇ ਕਿਸਾਨਾਂ, ਦਿਹਾੜੀਦਾਰਾਂ ਅਤੇ ਮਜ਼ਦੂਰਾਂ ਲਈ ਤੁਸੀਂ ਇਹ ਪੈਸਾ ਜਾਰੀ ਕਿਉਂ ਨਹੀਂ ਕੀਤਾ ਹੈ, ਜੋ ਕਿ ਰਾਹਤ ਵਾਸਤੇ ਤੁਹਾਡੇ ਮੂੰਹ ਵੱਲ ਵੇਖ ਰਹੇ ਹਨ।

ਮੁੱਖ ਮੰਤਰੀ ਨੂੰ ਆਪਣੇ ਸਾਰੇ ਐਸ਼ੋ-ਇਸ਼ਰਤ ਛੱਡ ਕੇ ਇਸ ਸੰਕਟ ਦੀ ਘੜੀ ਵਿਚ ਸੂਬੇ ਵਾਸਤੇ ਸਮਾਂ ਕੱਢਣ ਲਈ ਆਖਦਿਆਂ ਸਰਦਾਰ ਭੂੰਦੜ ਅਤੇ ਸਰਦਾਰ ਗਰੇਵਾਲ ਨੇ ਕਿਹਾ ਕਿ ਕੋਵਿਡ-19 ਦੇ ਕੇਸਾਂ ਨੂੰ ਨੱਥ ਪਾਉਣ ਵਿਚ ਸੂਬਾ ਸਰਕਾਰ ਦੀ ਨਾਕਾਮੀ ਲਈ ਸਿਰਫ ਕੈਪਟਨ ਅਮਰਿੰਦਰ ਜ਼ਿੰਮੇਵਾਰ ਹੈ, ਜਿਹਨਾਂ ਦੀ ਗਿਣਤੀ ਹਰ ਰੋਜ਼ 10 ਫੀਸਦੀ ਵਧ ਰਹੀ ਹੈ। ਉਹਨਾਂ ਕਿਹਾ ਕਿ ਤੁਹਾਡੇ ਆਪਣੇ ਵਧੀਕ ਮੁੱਖ ਸਕੱਤਰ ਕੇਬੀਐਸ ਸਿੱਧੂ ਨੇ ਇਹ ਜਾਣਕਾਰੀ ਟਵਿੱਟਰ ਜ਼ਰੀਏ ਸਾਂਝੀ ਕੀਤੀ ਹੈ। ਕੀ ਤੁਸੀਂ ਉਸ ਨੂੰ ਵੀ ਝੂਠਾ ਸੱਦੋਗੇ?

ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਬੀਬਾ ਹਰਸਿਮਰਤ ਬਾਦਲ ਨੇ ਇਹ ਗੱਲ ਸਹੀ ਆਖੀ ਹੈ ਕਿ ਮੁੱਖ ਮੰਤਰੀ ਉਹਨਾਂ ਲੋਕਾਂ ਲਈ ਸਿੱਧੀ ਨਗਦ ਅਦਾਇਗੀ ਯਕੀਨੀ ਬਣਾਉਣ ਜਿਹੜੇ ਕਿ ਇਸ ਸਮੇਂ ਸਂਭ ਤੋਂ ਵੱਧ ਕਸ਼ਟ ਭੋਗ ਰਹੇ ਹਨ ਅਤੇ ਸੂਬੇ ਅੰਦਰ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਅਤੇ ਸਿਹਤ ਕਾਮਿਆਂ ਲਈ ਪੀਪੀਈ ਕਿਟਾਂ, ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਉਣ, ਕਿਉਂਕਿ ਪੰਜਾਬ ਵਿਚ ਇਸ ਮਾਮਲੇ ਵਿਚ ਸਭ ਤੋਂ ਪਿੱਛੇ ਹੈ। ਉਹਨਾਂ ਕਿਹਾ ਕਿ ਇਸ ਉਸਾਰੂ ਆਲੋਚਨਾ ਲਈ ਸ਼ੁਕਰਾਨਾ ਕਰਨ ਦੀ ਬਜਾਇ ਤੁਸੀਂ ਬੀਬਾ ਬਾਦਲ ਖ਼ਿਲਾਫ ਇੱਕ ਮੁਹਿੰਮ ਛੇੜ ਲਈ ਹੈ। ਪੰਜਾਬੀ ਅੱਜ ਤੁਹਾਨੂੰ ਇਹ ਕਹਿ ਰਹੇ ਹਨ ਕਿ ਤੁਸੀਂ ਹਰਿਆਣਾ ਵਾਂਗ ਸਿਹਤ ਕਾਮਿਆਂ ਦੀ ਤਨਖਾਹਾਂ ਦੁੱਗਣੀਆਂ ਕਿਉਂ ਨਹੀਂ ਕਰ ਸਕਦੇ ਜਾਂ ਤੁਸੀਂ ਨਰਸਾਂ ਨੂੰ ਤਨਖਾਹਾਂ ਕਿਉਂ ਨਹੀਂ ਦੇ ਰਹੇ ਹੋ? ਆਪਣੇ ਵਿਰੋਧੀਆਂ ਲਈ ਗੰਦੀ ਭਾਸ਼ਾ ਦਾ ਇਸਤੇਮਾਲ ਕਰਨ ਦੀ ਬਜਾਇ ਕਿਰਪਾ ਕਰਕੇ ਪਹਿਲਾਂ ਇਹਨਾਂ ਸਮੱਿਸਆਵਾਂ ਨੂੰ ਹੱਲ ਕਰ ਲਵੋ।

ਸਰਦਾਰ ਭੂੰਦੜ ਅਤੇ ਸਰਦਾਰ ਗਰੇਵਾਲ ਨੇ ਇਹ ਸਮਝਣ ਲਈ ਮੁੱਖ ਮੰਤਰੀ ਨੂੰ ਆਪਣੀ ਜ਼ਮੀਰ ਉੱਤੇ ਝਾਤ ਮਾਰਨ ਵਾਸਤੇ ਕਿਹਾ ਕਿ ਉਹ ਹੀ ਅਸਲੀ ਝੂਠਾ ਹੈ, ਜਿਸ ਨੇ ਨਾ ਸਿਰਫ ਪੰਜਾਬੀਆਂ ਕੋਲ ਝੂਠ ਬੋਲਿਆ ਹੈ, ਸਗੋਂ ਪਾਵਨ ਗੁਟਕਾ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਝੂਠੀ ਸਹੁੰ ਵੀ ਖਾਧੀ ਹੈ। ਉਹਨਾਂ ਕਿਹਾ ਕਿ ਜਦੋਂ ਤੁਸੀਂ ਇਸ ਤੱਥ ਨੂੰ ਸਮਝ ਜਾਵੋਗੇ ਤਾਂ ਫਿਰ ਕਿਸੇ ਨੂੰ ਝੂਠਾ ਨਹੀਂ ਕਹੋਗੇ।

-PTCNews

Related Post