ਲੌਕਡਾਊਨ ਕਾਰਨ ਪ੍ਰਭਾਵਤ ਹੋਏ ਮਾਪਿਆਂ ਦੇ ਬੱਚਿਆਂ ਦੇ ਪ੍ਰਾਈਵੇਟ ਸਕੂਲਾਂ ਦੀ 6 ਮਹੀਨੇ ਦੀ ਫੀਸ ਕਾਂਗਰਸ ਸਰਕਾਰ ਭਰੇ :ਸ਼੍ਰੋਮਣੀ ਅਕਾਲੀ ਦਲ

By  Shanker Badra July 2nd 2020 09:18 AM

ਲੌਕਡਾਊਨ ਕਾਰਨ ਪ੍ਰਭਾਵਤ ਹੋਏ ਮਾਪਿਆਂ ਦੇ ਬੱਚਿਆਂ ਦੇ ਪ੍ਰਾਈਵੇਟ ਸਕੂਲਾਂ ਦੀ 6 ਮਹੀਨੇ ਦੀ ਫੀਸ ਕਾਂਗਰਸ ਸਰਕਾਰ ਭਰੇ :ਸ਼੍ਰੋਮਣੀ ਅਕਾਲੀ ਦਲ:ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਕੋਰੋਨਾ ਕਾਰਨ ਵਿੱਤੀ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਸਾਰੇ ਮਾਪਿਆਂ ਦੇ ਬੱਚਿਆਂ ਦੀ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਟਿਊਸ਼ਨ ਅਤੇ ਦਾਖਲ ਫੀਸ ਆਪ ਅਦਾ ਕਰੇ। ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਅੱਗੇ ਆਤਮ ਸਮਰਪਣ ਹੀ ਕਰ ਦਿੱਤਾ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਹ ਵੀ ਮੰਨ ਲਿਆ ਕਿ ਪ੍ਰਾਈਵੇਟ ਸਕੂਲਾਂ ਨੂੰ ਫੀਸ ਨਿਰਧਾਰਿਤ ਕਰਨ ਦਾ ਹੱਕ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਵਿੱਚ ਸੂਬੇ ਦੇ ਕੇਸ ਹਾਰਨ ਦਾ ਕਾਰਨ ਪ੍ਰਾਈਵੇਟ ਸਕੂਲ ਮੈਨੇਜਮੈਂਟਾ ਨਾਲ ਸਰਕਾਰ ਦੀ ਗੰਢਤੁੱਪ ਹੈ। ਉਹਨਾਂ ਕਿਹਾ ਕਿ ਸੂਬੇ ਨੇ ਕੇਸ ਸਹੀ ਢੰਗ ਨਾਲ ਨਹੀਂ ਲੜਿਆ ਅਤੇ ਸਰਕਾਰ ਅਦਾਲਤ ਨੂੰ ਇਹ ਦੱਸਣ ਵਿੱਚ ਵੀ ਨਾਕਾਮ ਰਹੀ ਕਿ ਸਕੂਲ ਮੈਨੇਜਮੈਂਟਾਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਤਾਰਨ ’ਤੇ ਰੋਕ ਲਗਵਾ ਸਕਦੀ ਹੈ ਤੇ ਇਸ ਵਾਸਤੇ ਉਹਨਾਂ ਨੂੰ ਮਾਪਿਆਂ ਨੂੰ ਸ਼ਿਕਾਰ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇਸ ਅਸਫ਼ਲਤਾ ਲਈ ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਸ਼੍ਰੀ ਸਿੰਗਲਾ ਪ੍ਰਾਈਵੇਟ ਸਕੂਲ ਮੈਨੇਜਮੈਂਟ ਦੇ ਦਬਾਅ ਵਿੱਚ ਆ ਗਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਮਾਪਿਆਂ ਵਾਸਤੇ ਕੋਈ ਰਾਹਤ ਹਾਸਲ ਕਰਨ ਵਿਚ ਅਸਫ਼ਲ ਰਹੀ ਹੈ ਜਦਕਿ ਦਿੱਲੀ, ਉੱਤਰਾਖੰਡ ਅਤੇ ਕੇਰਲਾ ਨੇ ਮਾਪਿਆਂ ਨੂੰ ਰਾਹਤ ਦਿੱਤੀ ਹੈ। [caption id="attachment_415353" align="aligncenter" width="300"]SAD asks Cong govt to pay private school managements six month fee of students ਲੌਕਡਾਊਨ ਕਾਰਨ ਪ੍ਰਭਾਵਤ ਹੋਏ ਮਾਪਿਆਂ ਦੇ ਬੱਚਿਆਂ ਦੇ ਪ੍ਰਾਈਵੇਟ ਸਕੂਲਾਂ ਦੀ 6 ਮਹੀਨੇ ਦੀ ਫੀਸ ਕਾਂਗਰਸ ਸਰਕਾਰ ਭਰੇ :ਸ਼੍ਰੋਮਣੀ ਅਕਾਲੀ ਦਲ[/caption] ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਬਿਆਨ ਮੁਤਾਬਕ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਕੂਲਾਂ ਨੂੰ ਟਿਊਸ਼ਨ ਤੇ ਦਾਖਲ ਫੀਸ ਵਸੂਲਣ ਦੇ ਹੁਕਮ ਖਿਲਾਫ਼ ਇਕ ਸਮੀਖਿਆ ਪਟੀਸ਼ਨ ਦਾਇਰ ਕਰੇਗੀ, ’ਤੇ ਟਿੱਪਣੀ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸਦਾ ਮਤਲਬ ਸਿਰਫ਼ ਗੱਲਾਂ ਨਾਲ ਹਮਦਰਦੀ ਪ੍ਰਗਟ ਕਰਨਾ ਹੈ, ਕਿਉਂਕਿ ਇਸ ਵਿਚ ਕਈ ਮਹੀਨੇ ਲੱਗੇ ਜਾਣਗੇ ਤੇ ਇਸ ਦੌਰਾਨ ਜਿਹੜੇ ਮਾਪੇ ਫੀਸ ਨਹੀਂ ਭਰ ਸਕਣਗੇ, ਉਹਨਾਂ ਦੇ ਬੱਚਿਆ ਦਾ ਭਵਿੱਖ ਖ਼ਰਾਬ ਹੋ ਜਾਵੇਗਾ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਜ਼ਾਰਾਂ ਬੱਚਿਆਂ ਦੇ ਮਾਪੇ ਇਸ ਸਥਿਤੀ ਵਿਚ ਨਹੀਂ ਹਨ ਕਿ ਉਹ ਫੀਸ ਭਰ ਸਕਣ ਕਿਉਂਕਿ ਲੌਕਡਾਊਨ ਕਾਰਨ ਜਾਂ ਤਾਂ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਜਾਂ ਫਿਰ ਉਹਨਾਂ ਦੇ ਵਪਾਰ ਬੰਦ ਰਹੇ ਹਨ। ਸ. ਮਜੀਠੀਆ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਪ੍ਰਭਾਵਤ ਬੱਚਿਆਂ ਦਾ ਭਵਿੱਖ ਬਚਾਉਣ ਲਈ ਸਿੱਧੀ ਮਦਦ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸਨੂੰ ਤਿੰਨ ਮਹੀਨੇ ਦੇ ਲੌਕਡਾਊਨ ਸਮੇਤ ਛੇ ਮਹੀਨਿਆਂ ਦੀ ਟਿਊਸ਼ਨ ਫੀਸ ਤੇ ਦਾਖ਼ਲਾ ਫੀਸ ਅਤੇ ਅਗਲੇ ਤਿੰਨ ਮਹੀਨਿਆਂ ਜਿਸ ਦੌਰਾਨ ਸਕੂਲਾਂ ਦੇ ਬੰਦ ਰਹਿਣ ਦੇ ਆਸਾਰ ਹਨ, ਦੀ ਵੀ ਫੀਸ ਭਰਨੀ ਚਾਹੀਦੀ ਹੈ। ਸਿੱਖਿਆ ਮੰਤਰੀ ਨੂੰ ਤੁਰੰਤ ਲੋਕ ਪੱਖੀ ਕਦਮ ਚੁੱਕਣ ਦੀ ਸਲਾਹ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਮੀਖਿਆ ਨੂੰ ਸਮਾਂ ਲੱਗ ਸਕਦਾ ਹੈ ਤੇ ਇਸ ਨਾਲ ਸਮਾਜ ’ਤੇ ਕਾਫੀ ਮਾਰੂ ਅਸਰ ਪਵੇਗਾ। ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਤੁਰੰਤ ਉਹਨਾਂ ਮਾਪਿਆਂ ਦੀ ਸੂਚੀ ਬਣਾਉਣੀ ਸ਼ੁਰੂ ਕਰਨੀ ਚਾਹੀਦੀ ਹੈ ਜਿਹਨਾਂ ਦੀ ਵਿੱਤੀ ਹਾਲਤ ਲੌਕਡਾਊਨ ਕਾਰਨ ਪ੍ਰਭਾਵਤ ਹੋਈ ਹੈ ਤੇ ਇਹਨਾਂ ਦੀ ਫੀਸ ਸਰਕਾਰ ਨੂੰ ਖੁਦ ਸਕੂਲਾਂ ਨੂੰ ਅਦਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ’ਤੇ ਕੋਈ ਭਰੋਸਾ ਨਾ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਮਾਪਿਆਂ ਦੀ ਹਮਾਇਤ ਨਾਲ ਵਾਈ ਪੀ ਐਸ ਪਟਿਆਲਾ ਤੋਂ ਸੰਘਰਸ਼ ਸ਼ੁਰੂ ਕਰੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਮਾਪਿਆਂ ਦੇ ਵੱਖ-ਵੱਖ ਸੰਗਠਨਾਂ ਨੂੰ ਕੇਸ ਲੜਨ ਵਾਸਤੇ ਮਦਦ ਦੀ ਪੇਸ਼ਕਸ਼ ਵੀ ਕਰੇਗਾ।  ਸ. ਮਜੀਠੀਆ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਘਟਾਉਣ ਲਈ ਕਾਂਗਰਸ ਸਰਕਾਰ ਘੱਟ ਤੋਂ ਘੱਟ ਅਜਿਹਾ ਤਾਂ ਕਰੇ। ਉਹਨਾਂ ਕਿਹਾ ਕਿ ਆਮ ਆਦਮੀ ਪਹਿਲਾਂ ਹੀ ਮਹਿੰਗੀਆਂ ਬਿਜਲੀ ਦਰਾਂ ਅਤੇ ਪੈਟਰੋਲ ਅਤੇ ਡੀਜ਼ਲ ’ਤੇ ਸੂਬੇ ਦੇ ਟੈਕਸਾਂ ਵਿੱਚ ਕੀਤੇ ਵਾਧੇ ਦੀ ਮਾਰ ਝੱਲ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਮਨੁੱਖਤਾ ਆਧਾਰਿਤ ਮਦਦ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸੂਬੇ ਦੇ ਵਸੀਲੇ ਵਿਅਰਥ ਨਾ ਜਾਣ। -PTCNews

Related Post