ਅਕਾਲੀ ਦਲ ਨੇ ਸਰਕਾਰ ਨੂੰ ਮੁਆਵਜ਼ੇ ਦਾ ਗਲਤ ਚੈਕ ਦੇਣ ਲਈ ਝਾੜ ਪਾਈ

By  Joshi September 14th 2017 06:26 PM

ਅਕਾਲੀ ਦਲ ਨੇ ਸਰਕਾਰ ਨੂੰ ਮੁਆਵਜ਼ੇ ਦਾ ਗਲਤ ਚੈਕ ਦੇਣ ਲਈ ਝਾੜ ਪਾਈ

ਬਿਕਰਮ ਮਜੀਠੀਆ ਨੇ ਸਰਕਾਰ ਨੂੰ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਲਈ ਕਿਹਾ

ਚੰਡੀਗੜ•/14 ਸਤੰਬਰ/ਸ਼੍ਰੌਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਹੈ ਕਿ ਉਹ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਗਲਤ ਚੈਕ ਦੇ ਕੇ ਉਹਨਾਂ ਦੇ ਜ਼ਖ਼ਮਾਂ ਉੱਤੇ ਨਮਕ ਨਾ ਛਿੜਕੇ। ਇਸ ਦੇ ਨਾਲ ਹੀ ਸਰਕਾਰ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਮੁਤਾਬਿਕ ਸਾਰੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ 10 ਲੱਖ ਦਾ ਮੁਆਵਜ਼ਾ ਅਤੇ ਪ੍ਰਤੀ ਪਰਿਵਾਰ ਇੱਕ ਸਰਕਾਰੀ ਨੌਕਰੀ ਦੇਣ ਲਈ ਆਖਿਆ ਹੈ।

SAD castigates govt for giving invalid compensation cheque

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ, ਕਾਂਗਰਸ ਸਰਕਾਰ ਉਹਨਾਂ ਨੂੰ ਮੌਜੂਦਾ ਦਿੱਤਾ ਜਾਣਾ ਵਾਲਾ 5 ਲੱਖ ਰੁਪਏ ਦਾ ਮੁਆਵਜ਼ਾ ਵੀ ਨਹੀਂ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਰਾਮਪੁਰਾ ਫੂਲ ਦੇ ਇੱਕ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਗਲਤ ਖਾਤਾ ਨੰਬਰ ਵਾਲਾ ਚੈਕ ਦੇ ਕੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਅਜਿਹੇ ਸੰਵੇਦਨਸ਼ੀਲ ਮਸਲੇ ਨੂੰ ਲੈ ਕੇ ਸਰਕਾਰ ਕਿੰਨੀ ਕੁ ਗੰਭੀਰ ਹੈ।

ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਵਾਰ ਵਾਰ ਆਪਣੇ ਚੋਣ ਮਨੋਰਥ ਪੱਤਰ ਵਿਚ ਅਤੇ ਵਿਧਾਨ ਸਭਾ ਵਿਚ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਪੰਜਾਬੀਆਂ ਨੂੰ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਕਰਜ਼ੇ ਮੁਆਫ ਨਹੀਂ ਕਰੇਗੀ, ਅਕਾਲੀ ਆਗੂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਕੇ ਇਹ ਸਰਕਾਰ ਦੁਖੀ ਪਰਿਵਾਰਾਂ ਦੀ ਘੱਟੋ ਘੱਟ ਇੰਨੀ ਮੱਦਦ ਤਾਂ ਕਰ ਸਕਦੀ ਸੀ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਪਿਛਲੇ 6 ਮਹੀਨਿਆਂ ਅੰਦਰ 200 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਸਰਕਾਰ ਉਹਨਾਂ ਦੇ ਪਰਿਵਾਰਾਂ ਲਈ ਇੰਨਾ ਵੀ ਨਹੀਂ ਕਰ ਰਹੀ ਹੈ।

SAD castigates govt for giving invalid compensation chequeਅਕਾਲੀ ਆਗੂ ਨੇ ਕਿਹਾ ਕਿ ਕਿਸਾਨ ਇਸ ਲਈ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਰਹੇ ਹਨ, ਕਿਉਂਕਿ ਉਹਨਾਂ ਕਾਂਗਰਸ ਸਰਕਾਰ ਵੱਲੋਂ ਸਾਰੇ ਸਹਿਕਾਰੀ ਬੈਕਾਂ, ਰਾਸ਼ਟਰੀ ਬੈਂਕਾਂ ਅਤੇ ਆੜ•ਤੀਆਂ ਦੇ ਕਰਜ਼ੇ ਮੁਆਫ ਕਰਨ ਦੇ ਕੀਤੇ ਵਾਅਦੇ ਉੱਤੇ ਭਰੋਸਾ ਕਰ ਲਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਕਿਸਾਨਾਂ ਤੋਂ ਉਹਨਾਂ ਦੇ ਕਰਜ਼ਿਆਂ ਦੀ ਰਾਸ਼ੀ ਜਾਣਨ ਲਈ ਫਾਰਮ ਵੀ ਭਰਵਾਏ ਸਨ ਤਾਂ ਕਿ ਉਹ ਯਕੀਨ ਕਰ ਲੈਣ ਕਿ ਇਹਨਾਂ ਫਾਰਮਾਂ ਦੇ ਆਧਾਰ ਉੱਤੇ ਮੁਕੰਮਲ ਕਰਜ਼ਾ ਮੁਆਫੀ ਹੋਵੇਗੀ। ਮਨਪ੍ਰੀਤ ਬਾਦਲ ਵੱਲੋਂ ਤਿਆਰ ਕੀਤੇ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਵੀ ਇਹ ਵਾਅਦਾ ਸ਼ਾਮਿਲ ਸੀ, ਪਰ ਹੁਣ ਵਿੱਤ ਮੰਤਰੀ ਇਸ ਨੂੰ ਪੂਰਾ ਕਰਨ ਤੋਂ ਮੁੱਕਰ ਰਿਹਾ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿਚ ਆਈ ਤਾਂ ਸਭ ਤੋਂ ਪਹਿਲਾਂ ਇਸ ਨੇ ਇਸ ਮੁੱਦੇ ਦੀ ਪਰਖ ਲਈ ਕਮੇਟੀ ਬਣਾ ਕੇ ਕਰਜ਼ਾ ਮੁਆਫੀ ਦੇ ਵਾਅਦੇ ਨੁੰ ਟਾਲਣ ਦੀ ਕੋਸ਼ਿਸ਼ ਕੀਤੀ। ਫਿਰ ਇਸ ਨੇ ਐਲਾਨ ਕੀਤਾ ਕਿ ਇਸ ਮੁੱਦੇ ਨੂੰ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ। ਪਰ ਇਸ ਸਭ ਦੇ ਬਾਵਜੂਦ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸਰਕਾਰ ਨੂੰ ਕਿਸਾਨਾਂ ਦੇ ਭੱਿਵਖ ਨਾਲ ਨਾ ਖੇਡਣ ਲਈ ਆਖਦਿਆਂ ਅਕਾਲੀ ਆਗੂ ਨੇ ਕਾਂਗਰਸ ਨੂੰ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਤੁਰੰਤ ਪੂਰਾ ਕਰਨ ਦਾ ਹੁਕਮ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਉਹਨਾਂ ਸਿਰ ਚੜ•ੇ ਕਰਜ਼ੇ ਨੂੰ ਮੁਆਫ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕਰ ਰਹੀ ਹੈ।

—PTC News

Related Post