ਅਕਾਲੀ ਦਲ ਵੱਲੋਂ ਗੈਂਗਸਟਰ ਮਾਮਲੇ 'ਤੇ ਜਾਖੜ ਤੇ ਸਿੱਧੂ ਨੂੰ ਚੁਣੌਤੀ

By  Joshi February 25th 2018 05:59 PM

SAD challenges jakhar and sidhu on gangster issue: ਅਕਾਲੀ ਦਲ ਵੱਲੋਂ ਗੈਂਗਸਟਰ ਮਾਮਲੇ 'ਤੇ ਜਾਖੜ ਤੇ ਸਿੱਧੂ ਨੂੰ ਚੁਣੌਤੀ

ਅਵਤਾਰ ਹੈਨਰੀ ਤੇ ਜੂਨੀਅਰ ਹੈਨਰੀ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਮੌਜੂਦਾ ਹਾਈ ਕੋਰਟ ਜੱਜ ਤੋਂ ਕਰਵਾਏ ਸਰਕਾਰ : ਭੂੰਦੜ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੈਂਗਸਟਰ ਮਾਮਲੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਤੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦਿਆਂ ਉਹਨਾਂ ਦੋਹਾਂ ਨੂੰ ਚੁਣੌਤੀ ਦਿੱਤੀ ਕਿ ਗੈਂਗਸਟਰਜ਼ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਅਵਤਾਰ ਹੈਨਰੀ ਤੇ ਵਿਧਾਇਕ ਜੂਨੀਅਰ ਹੈਨਰੀ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾ ਕੇ ਵੇਖ ਲਈ ਜਾਵੇ।

ਇਥੇ ਜਾਰੀ ਕੀਤੇ ਇਕ ਸਖਤ ਸ਼ਬਦਾਂ ਵਾਲੇ ਬਿਆਨ ਵਿਚ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਅਕਾਲੀ ਨੇਤਾ ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੈਂਗਸਟਰਜ਼ ਮਾਮਲੇ 'ਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਹੋਈ ਪਈ ਹੈ ਕਿਉਂਕਿ ਗੈਂਗਸਟਰ ਵਿੱਕੀ ਗੋਂਡਰ ਤੇ ਸੁੱਖਾ ਕਾਹਲਵਾਂ ਦੇ ਪਰਿਵਾਰਾਂ ਨੇ ਆਪਣੇ ਬਿਆਨਾਂ ਵਿਚ ਸਪਸ਼ਟ ਆਖਿਆ ਹੈ ਕਿ ਇਹ ਹੋਰ ਕੋਈ ਨਹੀਂ ਬਲਕਿ ਅਵਤਾਰ ਹੈਨਰੀ, ਜੂਨੀਅਰ ਹੈਨਰੀ ਤੇ ਹੋਰ ਕਾਂਗਰਸੀ ਨੇਤਾ ਸਨ ਜਿਹਨਾਂ ਨੇ ਉਹਨਾਂ ਦੇ ਪੁੱਤਰਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੁੰਡਾਗਰਦੀ ਵਿਚ ਪਾਇਆ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਦੇਸ਼ ਦੇ ਮੰਨੇ ਪ੍ਰਮੰਨੇ ਗੈਂਗਸਟਰ ਰਾਜਾ ਭਈਆ ਕਾਂਗਰਸੀ ਨੇਤਾ ਕੁਸ਼ਲਦੀਪ ਢਿੱਲੋਂ ਉਰਫ ਕਿੱਕੀ ਢਿੱਲੋਂ ਕਿਸ ਕਾਰਨ ਆਏ ਸਨ ਇਹ ਜਾਂ ਤਾਂ ਢਿੱਲੋਂ ਜਾਣਦੇ ਹਨ ਜਾਂ ਫਿਰ ਕਾਂਗਰਸੀ ਪਾਰਟੀ।

SAD challenges jakhar and sidhu on gangster issue: ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਤੇ ਪਹਿਲਾਂ ਹੋਰ ਗੈਂਗਸਟਰਾਂ ਤੇ ਪਰਿਵਾਰਾਂ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਥਾਂ ਕਾਂਗਰਸੀ ਆਗੂਆਂ ਦੀ ਜੋੜੀ ਇਸ ਮਾਮਲੇ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ।

ਸ੍ਰੀ ਭੂੰਦੜ ਨੇ ਕਿਹਾ ਕਿ ਜੇਕਰ ਸਰਕਾਰ ਜਨਤਾ ਦੇ ਸਾਹਮਣੇ ਸੱਚ ਲਿਆਉਣ ਦੀ ਇੱਛੁਕ ਹੈ ਤਾਂ ਫਿਰ ਇਸਨੂੰ ਗੈਂਗਸਟਰਾਂ ਦੇ ਪਰਿਵਾਰਾਂ ਵੱਲੋਂ ਕਾਂਗਰਸੀ ਨੇਤਾਵਾਂ ਖਿਲਾਫ ਲਗਾਏ ਗਏ ਦੋਸ਼ਾਂ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣ ਦੇ ਬਿਨਾਂ ਦੇਰੀ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਜਿਹੀ ਜਾਂਚ ਨਾਲ ਕਾਂਗਰਸ ਵੱਲੋਂ ਉਤਸ਼ਾਹਿਤ ਕੀਤੇ ਜਾ ਰਹੇ ਸਭਿਆਚਾਰ ਪਿਛਲਾ ਸੱਚ ਜਨਤਾ ਸਾਹਮਣੇ ਆ ਜਾਵੇਗਾ।

ਉਹਨਾਂ ਹੋਰ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸੀ ਆਗੂ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ, ਇਹ ਕਾਂਗਰਸ ਦੀ ਪੁਰਾਣੀ ਨੀਤੀ ਹੈ ਕਿ ਸਿਆਸੀ ਟੀਚਿਆਂ ਦੀ ਪੂਰਤੀ ਵਾਸਤੇ ਉਹ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਇਸਦੀ ਸ਼ਮੂਲੀਅਤ ਸਾਬਤ ਹੋ ਚੁੱਕੀ ਹੈ ਤੇ ਕਾਂਗਰਸ ਖੁਦ ਕੀਤੇ ਗੈਰ ਕਾਨੂੰਨੀ ਕੰਮਾਂ ਦਾ ਦੋਸ਼ ਦੂਜਿਆਂ ਸਿਰ ਮੜ੍ਹਨ ਦੀ ਆਦੀ ਹੈ।

ਜਾਖੜ ਤੇ ਸਿੱਧੂ 'ਤੇ ਹੱਲਾ ਬੋਲਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਵਾਸਤੇ ਅਕਾਲੀ ਦਲ ਦੇ ਖਿਲਾਫ ਝੂਠੇ, ਗੁੰਮਰਾਹਕੁੰਨ, ਸ਼ਰਾਰਤ ਭਰੇ ਤੇ ਆਧਾਰਹੀਣ ਦੋਸ਼ ਲਗਾ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਇਕਾਈ ਦੇ ਪ੍ਰਧਾਨ ਵਜੋਂ ਜਾਖੜ ਦੀ ਕਾਰਗੁਜ਼ਾਰੀ ਜੀਰੋ ਹੈ ਜਦਕਿ ਨਵਜੋਤ ਸਿੱਧੂ ਆਪਣਾ ਵਿਭਾਗ ਕਿਵੇਂ ਚਲਾ ਰਹੇ ਹਨ, ਇਸਦਾ ਖੁਲਾਸਾ ਉਹਨਾਂ ਨੇ ਆਪ ਅੰਮ੍ਰਿਤਸਰ ਸਮੇਤ ਸੂਬੇ ਦੇ ਹੋਰ ਸ਼ਹਿਰਾਂ ਵਿਚ ਮੇਅਰਾਂ ਦੀ ਚੋਣ ਤੋਂ ਪਹਿਲਾਂ ਹੀ ਕੀਤਾ ਸੀ। ਉਹਨਾਂ ਕਿਹਾ ਕਿ ਇਹਨਾਂ ਦੇ ਯਤਨ ਹੋਰ ਕੁਝ ਨਹੀਂ ਬਲਕਿ ਆਪਣੀਆਂ ਸਫਲਤਾਵਾਂ ਤੇ ਸਰਕਾਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦੀ ਅਸਫਲ ਹੋਈ ਰਣਨੀਤੀ ਹਨ।

SAD challenges jakhar and sidhu on gangster issue: ਸ੍ਰੀ ਭੂੰਦੜ ਨੇ ਕਿਹਾ ਕਿ ਰਾਜ ਦੇ ਲੋਕ ਤਾਂ ਪਹਿਲਾਂ ਹੀ 11 ਮਹੀਨਿਆਂ ਦੇ ਰਾਜਕਾਲ ਤੋਂ ਕਾਂਗਰਸ ਸਰਕਾਰ ਤੋਂ ਅੱਕ ਚੁੱਕੇ ਹਨ ਤੇ ਉਹ ਢੁਕਵੇਂ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਕਾਂਗਰਸ ਪਾਰਟੀ ਨੂੰ ਕਿਸਾਨਾਂ, ਮੁਲਾਜ਼ਮਾਂ ਤੇ ਆਮ ਸਾਧਾਰਣ ਵਿਅਕਤੀ ਨਾਲ ਕੀਤੇ ਵਿਸ਼ਵਾਸਘਾਤ ਲਈ ਇਸਨੂੰ ਸਬਕ ਸਿਖਾ ਸਕਣ।

—PTC News

Related Post