ਸੁਖਬੀਰ ਸਿੰਘ ਬਾਦਲ ਵੱਲੋਂ ਸੂਬਾ ਸਰਕਾਰ ਨੂੰ ਡਿਪੂ ਹੋਲਡਰਾਂ ਦਾ 50 ਲੱਖ ਦਾ ਬੀਮਾ ਅਤੇ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ

By  Shanker Badra April 29th 2020 05:53 PM

ਸੁਖਬੀਰ ਸਿੰਘ ਬਾਦਲ ਵੱਲੋਂ ਸੂਬਾ ਸਰਕਾਰ ਨੂੰ ਡਿਪੂ ਹੋਲਡਰਾਂ ਦਾ 50 ਲੱਖ ਦਾ ਬੀਮਾ ਅਤੇ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਸਾਰੇ ਡਿਪੂ ਹੋਲਡਰਾਂ ਦਾ 50 ਲੱਖ ਰੁਪਏ ਦਾ ਬੀਮਾ ਅਤੇ ਉਹਨਾਂ ਦੀ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰੇ ਤਾਂ ਕਿ ਉਹ ਸੂਬੇ ਦੇ 35 ਲੱਖ ਨੀਲਾ ਕਾਰਡ ਧਾਰਕਾਂ ਨੂੰ ਕੋਵਿਡ ਕਾਰਨ ਉਪਜੇ ਹਾਲਾਤਾਂ ਨਾਲ ਨਿਪਟਣ ਲਈ ਆਈ ਕੇਂਦਰੀ ਰਾਹਤ ਜਿਸ ਵਿਚ ਅਨਾਜ ਅਤੇ ਦਾਲ ਸ਼ਾਮਿਲ ਹਨ, ਵੰਡਣਾ ਸ਼ੁਰੂ ਕਰ ਸਕਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਟੇਟ ਡਿਪੂ ਹੋਲਡਰਜ਼ ਯੂਨੀਅਨ ਵੱਲੋਂ ਇਸ ਦੇ ਪ੍ਰਧਾਨ ਸਰਦਾਰ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਉਹਨਾਂ ਨਾਲ ਮੁਲਾਕਾਤ ਕਰਕੇ ਇਹ ਦੱਸਿਆ ਗਿਆ ਹੈ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਸੂਬੇ ਦੇ 26 ਹਜ਼ਾਰ ਡਿਪੂ ਹੋਲਡਰਾਂ ਨੂੰ ਲੋੜਵੰਦਾਂ ਵਿਚ ਰਾਸ਼ਨ ਵੰਡਣ ਦੀ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਕਿਹਾ ਕਿ ਪਰ ਡਿਪੂ ਹੋਲਡਰਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇੱਕ ਪਾਸੇ ਤਾਂ ਕੋਰੋਨਾ ਦੀ ਬੀਮਾਰੀ ਤੋਂ ਬਚਣ ਲਈ ਸੂਬਾ ਸਰਕਾਰ ਨੇ ਸਾਰੇ ਨਾਗਰਿਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਘਰਾਂ ਅੰਦਰ ਰਹਿਣ ਦੀ ਨਸੀਹਤ ਦਿੱਤੀ ਹੈ, ਪਰ ਨਾਲ ਹੀ ਦੂਜੇ ਪਾਸੇ ਸਾਰੇ ਡਿਪੂ ਹੋਲਡਰਾਂ ਨੂੰ ਬਿਨਾਂ ਕੋਈ ਆਰਥਿਕ ਅਤੇ ਸਰੀਰਕ ਸੁਰੱਖਿਆ ਪ੍ਰਦਾਨ ਕੀਤੇ ਲੋਕਾਂ ਵਿਚ ਰਾਸ਼ਨ ਵੰਡਣ ਦੇ ਕੰਮ ਉੱਤੇ ਲਾ ਦਿੱਤਾ ਹੈ।ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਇਸ ਸੰਬੰਧੀ ਸੂਬਾ ਸਰਕਾਰ ਦੇ ਲਾਪਰਵਾਹ ਵਤੀਰੇ ਦੀ ਨਿਖੇਧੀ ਕਰਦਿਆਂ  ਸਟੇਟ ਡਿਪੂ ਹੋਲਡਰਜ਼ ਯੂਨੀਅਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਬੇਹੱਦ ਦੁਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜਦ ਤਕ ਸਾਡੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਅਸੀਂ ਲੋੜਵੰਦਾਂ ਵਿਚ ਇਸ ਕੇਂਦਰੀ ਰਾਹਤ ਨੂੰ ਵੰਡ ਨਹੀਂ ਪਾਵਾਂਗੇ। ਸਾਰੇ ਡਿਪੂ ਹੋਲਡਰਾਂ ਲਈ 50 ਲੱਖ ਰੁਪਏ ਦਾ ਬੀਮਾ ਅਤੇ ਦੂਜੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੀ ਜਾਨ ਜੋਖ਼ਮ ਵਿਚ ਪਾਉਣ ਵਾਲੇ ਡਿਪੂ ਹੋਲਡਰਾਂ ਨੂੰ ਬੀਮੇ ਦੀ ਸਹੂਲਤ ਅਤੇ ਮੈਡੀਕਲ ਸੁਰੱਖਿਆ ਜਿਵੇਂ ਸਰੁੱਖਿਆ ਕਿਟਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਅਨਾਜ ਤੋਲਣ ਲਈ ਸਾਨੂੰ ਇੱਕ ਮਜ਼ਦੂਰ ਮੁਹੱਈਆ ਕਰਵਾਏ ਅਤੇ ਰਾਸ਼ਨ ਲੈਣ ਲਈ ਇੱਕਤਰ ਹੋਏ ਲੋਕਾਂ ਵਿਚ ਸਮਾਜਕ ਦੂਰੀ ਬਣਾ ਕੇ ਰੱਖਣ ਲਈ ਡਿਪੂਆਂ ਉੱਤੇ ਕੁੱਝ ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਜਾਣ। ਸਰਦਾਰ ਸਿੱਧੂ ਨੇ ਗਰੀਬਾਂ ਅਤੇ ਲੋੜਵੰਦਾਂ ਵਿਚ ਕੇਂਦਰੀ ਰਾਹਤ ਦੀ ਨਿਰਵਿਘਨ ਵੰਡ ਵਾਸਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਡਿਪੂ ਹੋਲਡਰਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। -PTCNews

Related Post