ਮਜੀਠੀਆ ਵੱਲੋਂ ਸਿੱਖ ਕੌਮ ਦਾ ਤੀਜਾ ਘੱਲੂਘਾਰਾ ਦਿਵਸ ਕੈਬਨਿਟ ਮੀਟਿੰਗ ਵਿਚ ਲੱਡੂਆਂ ਨਾਲ ਮਨਾਉਣ ਲਈ ਕਾਂਗਰਸ ਦੀ ਨਿਖੇਧੀ

By  Jashan A June 6th 2019 09:50 PM

ਮਜੀਠੀਆ ਵੱਲੋਂ ਸਿੱਖ ਕੌਮ ਦਾ ਤੀਜਾ ਘੱਲੂਘਾਰਾ ਦਿਵਸ ਕੈਬਨਿਟ ਮੀਟਿੰਗ ਵਿਚ ਲੱਡੂਆਂ ਨਾਲ ਮਨਾਉਣ ਲਈ ਕਾਂਗਰਸ ਦੀ ਨਿਖੇਧੀ,ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਕੌਮ ਦਾ ਤੀਜਾ ਘੱਲੂਘਾਰਾ ਦਿਵਸ ਇੱਕ ਕੈਬਨਿਟ ਮੀਟਿੰਗ ਵਿਚ ਲੱਡੂਆਂ ਨਾਲ ਮਨਾਉਣ ਲਈ ਕਾਂਗਰਸ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ ਹੈ, ਕਿਉਂਕਿ ਪੂਰੀ ਦੁਨੀਆਂ ਦੇ ਸਿੱਖ ਇਸ ਦਿਹਾੜੇ ਨੂੰ ਸੋਗ ਵਜੋਂ ਮਨਾ ਰਹੇ ਹਨ।ਕਾਂਗਰਸ ਪਾਰਟੀ ਦੀ ਇਸ ਕਾਰਵਾਈ ਨੂੰ ਇੱਕ ਸ਼ਰਮਨਾਕ ਹਰਕਤ ਕਰਾਰ ਦਿੰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਚੌਂਕ ਮਹਿਤਾ ਵਿਖੇ ਇੱਕ ਯਾਦਗਾਰੀ ਸਮਾਗਮ ਦੌਰਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਸਮੁੱਚੀ ਕੈਬਨਿਟ ਤੋਂ ਤੁਰੰਤ ਮੁਆਫੀ ਦੀ ਮੰਗ ਕੀਤੀ ਹੈ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਵੱਲੋਂ ਕਰਵਾਇਆ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਅਤੇ ਉਸ ਤੋ ਬਾਅਦ ਦਿੱਲੀ ਦੀਆਂ ਗਲੀਆਂ ਵਿਚ ਸਿੱਖਾਂ ਦਾ ਸਮੂਹਿਕ ਕਤਲੇਆਮ ਅਜਿਹੇ ਭਿਆਨਕ ਕਾਰੇ ਹਨ, ਜਿਸ ਨੂੰ ਸਿੱਖ ਕਦੇ ਨਹੀਂ ਭੁਲਾ ਸਕਦੇ, ਉਹਨਾਂ ਕਿਹਾ ਕਿ ਇਸ ਤੋਂ ਨਿੰਦਣਯੋਗ ਇਹ ਗੱਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਉਸ ਸਮੇਂ ਕੀਤਾ ਗਿਆ ਸੀ, ਜਦੋਂ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਹੀ ਦੇ ਸ਼ਹੀਦੀ ਦਿਹਾੜੇ ਉੱਤੇ ਇਕੱਠੇ ਹੋਏ ਸਨ।

ਹੋਰ ਪੜ੍ਹੋ:ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਿੱਖ ਜਰਨੈਲਾਂ ਵੱਲੋਂ ਦਿੱਲੀ ਦੇ ਕਿਲੇ ‘ਤੇ ਜਿੱਤ ਭਾਰਤ ਦੀ ਆਜ਼ਾਦੀ ਦੀ ਪਹਿਲੀ ਜਿੱਤ ਸੀ : ਸਿਰਸਾ

ਉਹਨਾਂ ਕਿਹਾ ਕਿ ਇਸ ਫੌਜੀ ਹਮਲੇ ਵਿਚ ਹਜ਼ਾਰਾਂ ਨਿਰਦੋਸ਼ਾਂ ਨੂੰ ਮਾਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਕੀ ਸਿੱਖਾਂ ਦਾ ਵੱਧ ਤੋਂ ਵੱਧ ਜਾਨੀ ਨੁਕਸਾਨ ਕਰਨ ਲਈ ਇਹ ਹਮਲਾ ਜਾਣ ਬੁੱਝ ਸ਼ਹੀਦੀ ਦਿਹਾੜੇ ਉੱਤੇ ਕਰਨ ਦੀ ਯੋਜਨਾ ਬਣਾਈ ਗਈ ਸੀ?

ਇਹ ਕਹਿੰਦਿਆਂ ਕਿ ਇੰਨਾ ਵੱਡਾ ਅੱਤਿਆਚਾਰ ਉਸ ਕੌਮ ਉੱਤੇ ਗਿਆ ਸੀ, ਜਿਸ ਦਾ ਦੇਸ਼ ਲਈ ਸਭ ਤੋਂ ਵੱਧ ਯੋਗਦਾਨ ਸੀ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਸਿੱਖਾਂ ਤੋਂ ਇਸ ਦੀ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਆਪਰੇਸ਼ਨ ਬਲਿਊ ਸਟਾਰ ਨਾਲ ਸੰਬੰਧਤ ਫਾਇਲਾਂ ਜਨਤਕ ਕਰਕੇ ਇਹ ਦੱਸਣਾ ਚਾਹੀਦਾ ਹੈ ਕਿ ਇਸ ਭਿਆਨਕ ਕਾਰੇ ਪਿੱਛੇ ਅਸਲੀ ਕਾਰਣ ਕੀ ਸੀ ਅਤੇ ਕਿਉਂ ਇਸ ਦੇ ਦੋਸ਼ੀਆਂ ਖ਼ਿਲਾਫ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਇਨਸਾਫ ਤਦ ਹੀ ਮਿਲੇਗਾ, ਜਦੋਂ ਇਸ ਹਮਲੇ ਦੇ ਅਸਲੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।

-PTC News

Related Post