ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਪੰਜਾਬ SC ਕਮਿਸ਼ਨ ਕੋਲ ਐਮ.ਪੀ. ਰਵਨੀਤ ਬਿੱਟੂ ਖਿਲਾਫ਼ ਦਾਇਰ ਕੀਤੀ ਗਈ ਸ਼ਿਕਾਇਤ 

By  Shanker Badra June 16th 2021 10:35 AM -- Updated: June 16th 2021 10:42 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਸ਼ਿਕਾਇਤ ਦਾਇਰ ਕੀਤੀ ਤੇ ਬੇਨਤੀ ਕੀਤੀ ਕਿ ਕਾਂਗਰਸੀ ਆਗੂ ਵੱਲੋਂ ਦਲਿਤਾਂ ਦੇ ਖਿਲਾਫ ਜਾਤੀ ਸੂਚਕ ਟਿੱਪਣੀਆਂ ਕਰਕੇ ਸੂਬੇ ਦੇ ਐਸ.ਸੀ ਭਾਈਚਾਰੇ ਦੀਆਂ ਭਾਵਨਾਵਾਂ ਨੁੰ ਠੇਸ ਪਹੁੰਚਾਉਣ ਲਈ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਵਫਦ ਜਿਸ ਵਿਚ ਪਾਰਟੀ ਦੇ ਵਿਧਾਇਕ ਪਵਨ ਟੀਨੂੰ, ਡਾ. ਸੁਖਵਿੰਦਰ ਸੁੱਖੀ ਤੇ ਬਲਦੇਵ ਖਹਿਰਾ ਸ਼ਾਮਲ ਸਨ, ਨੇ ਐਸ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਤੇ ਹੋਰ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਬਿੱਟੂ ਦੀ ਇਕ ਵੀਡੀਓ ਵਾਇਰਲ ਹੈ, ਜਿਸ ਵਿਚ ਉਹ ਐਸ.ਸੀ ਭਾਈਚਾਰੇ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ। ਵਫਦ ਨੇ ਮੰਗ ਕੀਤੀ ਕਿ ਕਮਿਸ਼ਨ ਮਾਮਲੇ ਵਿਚ ਤੁਰੰਤ ਕਾਰਵਾਈ ਕਰੇ ਤਾਂ ਜੋ ਸੂਬੇ ਵਿਚ ਮਾਮਲਾ ਹੋਰ ਨਾ ਭੜਕੇ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਕਮਿਸ਼ਨ ਨੇ ਅਕਾਲੀ ਦਲ ਦੇ ਵਫਦ ਨੂੰ ਭਰੋਸਾ ਦੁਆਇਆ ਹੈ ਕਿ ਉਹ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰੇਗਾ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਕਮਿਸ਼ਨ ਦਲਿਤ ਭਾਈਚਾਰੇ ਦੇ ਹਿੱਤ ਵਿਚ ਕਾਰਵਾਈ ਕਰੇਗਾ ਤੇ ਕਾਂਗਰਸ ਸਰਕਾਰ ਵੱਲੋਂ ਐਮ ਪੀ ਨੂੰ ਕਲੀਨ ਚਿੱਟ ਦੇਣ ਤੋਂ ਪ੍ਰਭਾਵਤ ਨਹੀਂ ਹੋਵੇਗਾ। ਅਕਾਲੀ ਆਗੂ ਨੇ ਕਿਹਾ ਕਿ ਸੂਬੇ ਭਰ ਵਿਚ ਦਲਿਤ ਭਾਈਚਾਰਾ ਰਵਨੀਤ ਬਿੱਟੂ ਦੇ ਬਿਆਨ ਤੋਂ ਹੈਰਾਨ ਹੈ ਕਿਉਂਕਿ ਬਿੱਟੂ ਨੇ ਇਹ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਨੇ ਆਪਣੇ ਗਠਜੋੜ ਦੇ ਭਾਈਵਾਲ ਨੂੰ ਆਨੰਦਪੁਰ ਸਾਹਿਬ ਤੇ ਚਮੌਕਰ ਸਾਹਿਬ ਦੀਆਂ ਪਵਿੱਤਰ ਸੀਟਾਂ ਦੇ ਦਿੱਤੀਆਂ ਜੋ ਨਹੀਂ ਦੇਣੀਆਂ ਚਾਹੀਦੀਆਂ ਸਨ।

ਉਹਨਾਂ ਕਿਹਾ ਕਿ ਇਹ ਗੱਲ ਦਲਿਤਾਂ ਦੇ ਨਾਲ ਨਾਲ ਬਸਪਾ ਦਾ ਵੀ ਅਪਮਾਨ ਹੈ। ਉਹਨਾਂ ਕਿਹਾ ਕਿ ਕੋਈ ਵੀ ਭਾਈਚਾਰਾ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਾਰੇ ਭਾਈਚਾਰਿਆਂ ਵਿਚ ਸਮਾਨਤਾ ਦਾ ਪ੍ਰਚਾਰ ਕੀਤਾ ਹੈ ਤੇ ਇਹ ਸਮਾਨਤਾ ਸਾਨੂੰ ਸੰਵਿਧਾਨ ਦੇ ਤਹਿਤ ਵੀ ਮਿਲੀ ਹੈ। ਸ੍ਰੀ ਟੀਨੂੰ ਨੇ ਕਿਹਾ ਕਿ ਬਿੱਟਂ ਦੇ ਬਿਆਨ ਨੇ ਕਾਂਗਰਸ ਪਾਰਟੀ ਦੀ ਦਲਿਤ ਵਿਰੋਧੀ ਸੋਚ ਬੇਨਕਾਬ ਕਰ ਦਿੱਤੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਾਲੇ ਤੱਕ ਬਿੱਟੂ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਤੇ ਨਾ ਹੀ ਉਸਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਕਾਂਗਰਸ ਪਾਰਟੀ ਬਿੱਟੂ ਦੇ ਦਾਅਵਿਆਂ ਦੀਹਮਾਇਤ ਕਰਦੀ ਹੈ। ਉਹਨਾਂ ਵੀ ਐਲਾਨ ਕੀਤਾ ਕਿ ਜੇਕਰ ਐਸ ਸੀ ਕਮਿਸ਼ਨ ਤੇ ਸੂਬਾ ਸਰਕਾਰ ਨੇ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਅਕਾਲੀ ਦਲ ਨਿਆਂ ਹਾਸਲ ਕਰਨ ਲਈ ਆਪਣਾ ਸੰਘਰਸ਼ ਤੇਜ਼ ਕਰੇਗਾ।

-PTCNews

Related Post