ਸੁਖਬੀਰ ਸਿੰਘ ਬਾਦਲ ਵੱਲੋਂ ਪੇਸ਼ਾਵਰ 'ਚ ਸਿੱਖ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਦੀ ਨਿਖੇਧੀ

By  Jashan A January 6th 2020 08:38 AM

ਸੁਖਬੀਰ ਸਿੰਘ ਬਾਦਲ ਵੱਲੋਂ ਪੇਸ਼ਾਵਰ 'ਚ ਸਿੱਖ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਦੀ ਨਿਖੇਧੀ

ਪ੍ਰਧਾਨ ਮੰਤਰੀ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਮਲਾ ਇਮਰਾਨ ਖਾਨ ਕੋਲ ਉਠਾਉਣ ਦੀ ਅਪੀਲ ਕੀਤੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੇਸ਼ਾਵਰ ਵਿਚ ਇੱਕ ਸਿੱਖ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪਾਕਿਸਤਾਨ ਅੰਦਰ ਸਿੱਖ ਅਤੇ ਹੋਰ ਘੱਟ ਗਿਣਤੀਆਂ ਉੱਤੇ ਧਾਰਮਿਕ ਅੱਤਿਆਚਾਰਾਂ ਦੀਆਂ ਘਟਨਾਵਾਂ ਵਧਣ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਮਲਾ ਪਾਕਿਸਤਾਨੀ ਪ੍ਰਧਾਨਮੰਤਰੀ ਕੋਲ ਉਠਾ ਕੇ ਗੁਆਂਢੀ ਦੇਸ਼ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਉੱਤੇ ਹੋਏ ਹਮਲੇ ਤੋਂ ਇੱਕ ਦਿਨ ਬਾਅਦ ਪਿਸ਼ਾਵਰ ਵਿਚ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਅਤੇ ਦੂਜੀਆਂ ਘੱਟ ਗਿਣਤੀਆਂ ਨੂੰ ਕਿਸ ਹੱਦ ਤਕ ਧਾਰਮਿਕ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਪੜ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਗੈਰਕਾਨੂੰਨੀ ਰੇਤ ਮਾਈਨਿੰਗ ਕਰ ਰਹੇ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਕਰਨ ਲਈ ਕਿਹਾ

ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਧਾਰਮਿਕ ਅਸਥਾਨਾਂ ਅਤੇ ਸਿੱਖਾਂ ਤੇ ਦੂਜੀਆਂ ਘੱਟ ਗਿਣਤੀਆਂ ਉੱਤੇ ਹਮਲੇ ਵਧਣਾ ਪਾਕਿਸਤਾਨ ਦੀਆਂ ਘੱਟ-ਗਿਣਤੀ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਕਰਕੇ ਇਸਲਾਮਿਕ ਕੱਟੜਵਾਦੀ ਕਾਨੂੰਨ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਉਹ ਸ਼ਰੇਆਮ ਘੱਟ ਗਿਣਤੀਆਂ ਉੱਤੇ ਅੱਤਿਆਚਾਰ ਅਤੇ ਜਬਰੀ ਧਰਮ ਤਬਦੀਲੀਆਂ ਕਰ ਰਹੇ ਹਨ।

ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸਲਾਮਾਬਾਦ ਦੇ ਪਹਿਲੇ ਸਿੱਖ ਰਿਪੋਰਟਰ ਹਰਮੀਤ ਸਿੰਘ ਦੇ ਛੋਟੇ ਭਰਾ ਪਰਵਿੰਦਰ ਸਿੰਘ ਦੇ ਪਿਸ਼ਾਵਰ ਵਿਚ ਅਣਪਛਾਤੇ ਕਾਤਲਾਂ ਵੱਲੋਂ ਕੀਤੇ ਕਤਲ ਨੇ ਸਾਬਿਤ ਕਰ ਦਿੱਤਾ ਹੈ ਕਿ ਘੱਟ ਗਿਣਤੀਆਂ ਅੰਦਰ ਡਰ ਦੀ ਭਾਵਨਾ ਪੈਦਾ ਕਰਨ ਲਈ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਪੀੜਤ ਵਿਆਹ ਕਰਵਾਉਣ ਲਈ ਮਲੇਸ਼ੀਆ ਤੋਂ ਆਇਆ ਸੀ ਅਤੇ ਪਾਕਿਸਤਾਨ ਵਿਚ ਵਧੇ ਨਫਰਤੀ ਅਪਰਾਧਾਂ ਦਾ ਸ਼ਿਕਾਰ ਹੋ ਗਿਆ। ਉਹਨਾਂ ਕਿਹਾ ਕਿ ਪਾਕਿਸਤਾਨੀ ਸਰਕਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਿਚ ਕੱਟੜਪੰਥੀਆਂ ਨਾਲ ਰਲੀ ਹੋਈ ਜਾਪਦੀ ਹੈ।

-PTC News

Related Post