ਏਸ਼ੀਅਨ ਸੋਨ ਤਗ਼ਮਾ ਜੇਤੂ ਪਹਿਲਵਾਨ ਨਵਜੋਤ ਕੌਰ ਨੂੰ ਡੀਐਸਪੀ ਦੀ ਨੌਕਰੀ ਦੇਵੇ ਕੈਪਟਨ ਸਰਕਾਰ: ਸੁਖਬੀਰ ਬਾਦਲ

By  Joshi March 5th 2018 03:45 PM

SAD president Sukhbir Badal asks Punjab govt to reward Asian gold medalist wrestler Navjot Kaur with job as DSP.:

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਸਟਾਰ ਹਰਮਨਪ੍ਰੀਤ ਕੌਰ ਦੀ ਡੀਐਸਪੀ ਵਜੋਂ ਨਿਯੁਕਤੀ ਲਈ ਕਾਂਗਰਸ ਸਰਕਾਰ ਦੀ ਪ੍ਰਸੰਸਾ ਕਰਦਿਆਂ ਅੱਜ ਕਿਹਾ ਹੈ ਕਿ ਏਸ਼ੀਅਨ ਰੈਸਲਿੰਗ ਚੈਪੀਅਨਸ਼ਿਪ ਵਿਚ ਸੋਨ ਤਗ਼ਮਾਂ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਨਵਜੋਤ ਕੌਰ ਨੂੰ ਵੀ ਡੀਐਸਪੀ ਦੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤਰਨ ਤਾਰਨ ਦੀ ਵਾਸੀ ਨਵਜੋਤ ਨੇ ਹਾਲ ਹੀ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਵੱਡੀ ਜਿੱਤ ਹਾਸਿਲ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ। ਦੋ ਸਾਲ ਪਹਿਲਾਂ ਉਸ ਨੂੰ ਇੱਕ ਵੱਡੀ ਸੱਟ ਵੀ ਲੱਗ ਗਈ ਸੀ। ਉਹਨਾਂ ਕਿਹਾ ਕਿ ਨਵਜੋਤ ਦੀ ਜਿੱਤ ਨਾਲ ਜਿੱਥੇ ਭਾਰਤੀ ਮਹਿਲਾ ਪਹਿਲਵਾਨਾਂ ਦਾ ਇੱਕ ਚਿਰੋਕਣਾ ਸੁਫਨਾ ਸੱਚ ਹੋਇਆ ਹੈ, ਉੱਥੇ ਪੰਜਾਬ ਅਤੇ ਪੰਜਾਬੀਆਂ ਲਈ ਵੀ ਇਹ ਇੱਕ ਫਖ਼ਰ ਵਾਲੀ ਘੜੀ ਹੈ।

ਨਵਜੋਤ ਨੂੰ ਡੀਐਸਪੀ ਦੀ ਨੌਕਰੀ ਦਿੱਤੇ ਜਾਣ ਦੀ ਬੇਨਤੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਟਾਰ ਪਹਿਲਵਾਨ ਨੂੰ ਲੋੜੀਂਦੀ ਆਰਥਿਕ ਗਰਾਂਟ ਜਾਰੀ ਕਰਕੇ ਉਸ ਦੀ ਏਸ਼ੀਅਨ ਖੇਡਾਂ ਅਤੇ ਟੋਕੀਓ ਓਲੰਪਿਕਸ ਦੀ ਤਿਆਰੀ ਵਾਸਤੇ ਵੀ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਵਜੋਤ ਦੇ ਪਰਿਵਾਰ ਨੇ ਆਪਣੇ ਸੀਮਤ ਸਰੋਤਾਂ ਦੇ ਬਾਵਜੂਦ ਨੂੰ ਇਸ ਹੋਣਹਾਰ ਕੁੜੀ ਨੂੰ ਇੱਥੇ ਤਕ ਲਿਆਉਣ ਵਿਚ ਮੱਦਦ ਕੀਤੀ ਹੈ। ਹੁਣ ਅੱਗੇ ਨਵਜੋਤ ਦੀ ਤਿਆਰੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੂੰ ਓਟਣੀ ਚਾਹੀਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਸੂਬੇ ਅੰਦਰ ਖੇਡਾਂ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਅਤੇ ਖੇਡਾਂ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਉੱਤੇ ਦਿੱਤੇ ਜ਼ੋਰ ਸਦਕਾ ਪੰਜਾਬ ਦੇ ਮੁੰਡੇ ਕੁੜੀਆਂ ਖੇਡਾਂ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚ 6 ਐਸਟਰੋ-ਟਰਫ ਸਟੇਡੀਅਮ ਅਤੇ 10 ਬਹੁਮੰਤਵੀ ਸਟੇਡੀਅਮਾਂ ਦੀ ਉਸਾਰੀ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨੌਜਵਾਨਾਂ ਨੂੰ ਖੇਡਾਂ ਵਿਚ ਰੁਚੀ ਲੈਣ ਵਾਸਤੇ ਪ੍ਰੇਰਿਆ ਗਿਆ ਸੀ। ਇੰਨਾ ਹੀ ਨਹੀਂ 67 ਚੋਟੀ ਦੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇ ਕੇ ਉਹਨਾਂ ਦੀ ਆਰਥਿਕ ਮੱਦਦ ਕੀਤੀ ਗਈ ਸੀ। ਸਾਡੇ ਖਿਡਾਰੀ ਤਗ਼ਮੇ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਕਰਦੇ ਰਹਿਣ , ਇਸ ਲਈ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੇ ਜਾਣ ਦੀ ਪਿਰਤ ਜਾਰੀ ਰਹਿਣੀ ਚਾਹੀਦੀ ਹੈ।

—PTC News

Related Post