ਸ਼੍ਰੋਮਣੀ ਅਕਾਲੀ ਦਲ ਨੇ ਸਪੀਕਰ ਨੂੰ ਯਾਦ ਦਿਵਾਇਆ ਕਿ ਚਾਰ ਵਿਧਾਇਕਾਂ ਦੇ "ਆਪ" ਤੋਂ ਅਸਤੀਫਾ ਦੇਣ ਮਗਰੋਂ ਪਾਰਟੀ ਨੇ ਉਹਨਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰਦਿਆਂ ਦਿੱਤੀ ਸੀ ਸ਼ਿਕਾਇਤ

By  Jashan A February 7th 2020 07:42 PM

ਸ਼੍ਰੋਮਣੀ ਅਕਾਲੀ ਦਲ ਨੇ ਸਪੀਕਰ ਨੂੰ ਯਾਦ ਦਿਵਾਇਆ ਕਿ ਚਾਰ ਵਿਧਾਇਕਾਂ ਦੇ "ਆਪ" ਤੋਂ ਅਸਤੀਫਾ ਦੇਣ ਮਗਰੋਂ ਪਾਰਟੀ ਨੇ ਉਹਨਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰਦਿਆਂ ਦਿੱਤੀ ਸੀ ਸ਼ਿਕਾਇਤ

ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਢਿੱਲੋ ਨੇ ਸਪੀਕਰ ਨੂੰ ਕਿਹਾ ਕਿ ਉਹਨਾਂ ਦੇ ਦਫ਼ਤਰ ਨੂੰ ਸਿਆਸਤ ਤੋਂ ਉੱਪਰ ਰਹਿਣਾ ਚਾਹੀਦਾ ਹੈ

ਕਿਹਾ ਕਿ ਸਪੀਕਰ ਦੇ ਦਫ਼ਤਰ ਉੱਤੇ ਲੱਗ ਰਹੇ ਦੋਸ਼ਾਂ ਤੋਂ ਖਹਿੜਾ ਛੁਡਾਉਣ ਲਈ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦੇਣਾ ਚਾਹੀਦਾ ਹੈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਸਪੀਕਰ ਨੂੰ ਯਾਦ ਦਿਵਾਇਆ ਕਿ ਇੱਕ ਪਾਰਟੀ ਵਫ਼ਦ ਉਹਨਾਂ ਨੂੰ ਨਿੱਜੀ ਤੌਰ ਤੇ ਮਿਲਿਆ ਸੀ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਉਹਨਾਂ ਚਾਰ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਮੰਗ ਕਰਨ ਵਾਲੀ ਸ਼ਿਕਾਇਤ ਦਿੱਤੀ ਸੀ, ਜਿਹਨਾਂ ਨੇ ਆਪ ਦੀ ਮੁੱਢਲੀ ਮੈਂਬਰਸ਼ਿਪ ਤੋ ਅਸਤੀਫ਼ੇ ਦੇ ਦਿੱਤੇ ਸਨ ਅਤੇ ਉਹ ਕਾਂਗਰਸ ਪਾਰਟੀ ਜਾਂ ਦੂਜੀਆਂ ਸਿਆਸੀ ਜਥੇਬੰਦੀਆਂ ਵਿਚ ਸ਼ਾਮਿਲ ਹੋ ਗਏ ਸਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਇਹ ਕਹਿੰਦਿਆਂ ਸਾਬਕਾ ਆਪ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਖ਼ਿਲਾਫ ਅਯੋਗ ਠਹਿਰਾਉਣ ਦੀ ਕਾਰਵਾਈ ਉੱਤੇ ਰੋਕ ਲਾ ਦਿੱਤੀ ਹੈ ਕਿ ਉਸ ਨੇ ਆਪਣਾ ਅਸਤੀਫਾ ਸਹੀ ਢੰਗ ਨਾਲ ਨਹੀਂ ਲਿਖਿਆ ਅਤੇ ਉਸ ਖ਼ਿਲਾਫ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬਲਦੇਵ ਸਿੰਘ ਅਤੇ ਅਮਰਜੀਤ ਸੰਦੋਆ ਖ਼ਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਦਕਿ ਸੁਖਪਾਲ ਸਿੰਘ ਖਹਿਰਾ ਖ਼ਿਲਾਫ ਦਲਬਦਲੀ ਰੋਕੂ ਕਾਨੂੰਨ ਤਹਿਤ ਕਾਰਵਾਈ ਬਹੁਤ ਹੀ ਢਿੱਲੀ ਰਫਤਾਰ ਨਾਲ ਚੱਲ ਰਹੀ ਹੈ।

ਰਿਕਾਰਡ ਨੂੰ ਦਰੁਸਤ ਕਰਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਨੇ ਕਿਹਾ ਕਿ ਅਕਾਲੀ ਵਿਧਾਇਕ 11 ਸਤੰਬਰ 2019 ਨੂੰ ਸਪੀਕਰ ਨੂੰ ਮਿਲੇ ਸਨ ਅਤੇ ਉਹਨਾਂ ਨੇ ਚਾਰ ਵਿਧਾਇਕਾਂ ਖ਼ਿਲਾਫ ਇੱਕ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕਰਨ ਲਈ ਸਿਰਫ ਉਹਨਾਂ ਨੂੰ ਅਯੋਗ ਠਹਿਰਾਉਣ ਦੀ ਹੀ ਮੰਗ ਨਹੀਂ ਕੀਤੀ ਸੀ, ਸਗੋ 15ਵੀਂ ਵਿਧਾਨ ਸਭਾ ਦੇ ਬਚਦੇ ਕਾਰਜਕਾਲ ਤਕ ਉਹਨਾਂ ਦੇ ਕਿਸੇ ਵੀ ਚੋਣ ਲੜਣ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ।

ਹੋਰ ਪੜ੍ਹੋ: ਸੁਖਬੀਰ ਸਿੰਘ ਬਾਦਲ ਵੱਲੋਂ ਉੱਘੇ ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਇਹ ਟਿੱਪਣੀ ਕਰਦਿਆਂ ਕਿਹਾ ਕਿ ਇਸ ਮਾਮਲਾ ਬਿਲਕੁੱਲ ਸਿੱਧਾ ਅਤੇ ਸਪੱਸ਼ਟ ਹੈ, ਸਰਦਾਰ ਢਿੱਲੋਂ ਨੇ ਕਿਹਾ ਕਿ ਸੰਵਿਧਾਨ ਦੀ 10ਵੀ ਸੂਚੀ ਕਹਿੰਦੀ ਹੈ ਕਿ 'ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਤ ਸਦਨ ਦਾ ਕੋਈ ਵੀ ਮੈਂਬਰ ਜੇਕਰ ਆਪਣੀ ਮਰਜ਼ੀ ਨਾਲ ਉਸ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ਤਾਂ ਉਹ ਸਦਨ ਦੇ ਮੈਂਬਰ ਵਜੋਂ ਅਯੋਗ ਹੋ ਜਾਵੇਗਾ। ਉਹਨਾਂ ਕਿਹਾ ਕਿ ਕਿਉਂਕਿ ਚਾਰੇ ਵਿਧਾਇਕ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ, ਇਸ ਲਈ ਮੌਜੂਦਾ ਕੇਸ ਵਿਚ ਸੰਵਿਧਾਨਕ ਨਿਯਮਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਢਿੱਲੋਂ ਨੇ ਕਿਹਾ ਕਿ ਸਪੀਕਰ ਦੇ ਸਤਿਕਾਰਤ ਦਫ਼ਤਰ ਨੂੰ ਸਿਆਸਤ ਤੋਂ ਉੱਪਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਵਿਧਾਨਿਕ ਨਿਯਮਾਂ ਮੁਤਾਬਿਕ ਚਾਰੇ ਵਿਧਾਇਕਾਂ ਖ਼ਿਲਾਫ ਕਾਰਵਾਈ ਕਰਨ ਵਿਚ ਕੀਤੀ ਜਾ ਰਹੀ ਦੇਰੀ ਕਰਕੇ ਸਪੀਕਰ ਦੇ ਦਫ਼ਤਰ ਉਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਤੁਰੰਤ ਠੋਸ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ ਤਾਂ ਸਦਨ ਦੀ ਸ਼ਾਨ ਨੂੰ ਕੋਈ ਧੱਬਾ ਨਾ ਲੱਗੇ।

ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਨਾਜ਼ਰ ਸਿੰਘ ਮਾਨਸ਼ਾਹੀਆ 25 ਅਪ੍ਰੈਲ 2019 ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਇਆ ਸੀ ਅਤੇ ਉਸ ਨੇ ਐਲਾਨ ਕੀਤਾ ਸੀ ਕਿ ਉਸ ਨੇ ਸਹੀ ਢੰਗ ਲਿਖਿਆ ਅਸਤੀਫਾ ਸੌਂਪ ਦਿੱਤਾ ਹੈ ਅਤੇ ਇਸ ਦੀ ਇੱਕ ਕਾਪੀ ਮੀਡੀਆ ਨੂੰ ਵੀ ਜਾਰੀ ਕੀਤੀ ਸੀ।

ਉਹਨਾਂ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਦੇ ਮਾਮਲੇ ਵਿਚ ਇਹ ਹੋਇਆ ਸੀ ਕਿ ਉਸ ਦੀ ਸਪੀਕਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹੇ ਹੋ ਕੇ ਇਹ ਐਲਾਨ ਕਰਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਿਆ ਹੈ। ਉਹਨਾਂ ਦੱਸਿਆ ਕਿ ਸੁਖਪਾਲ ਖਹਿਰਾ ਅਤ ਬਲਦੇਵ ਸਿੰਘ ਨੇ ਆਪਣੀ ਮਾਂ-ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਨਾਂ ਨਵੀਂ ਜਥੇਬੰਦੀ ਬਣਾ ਲਈ ਸੀ ਅਤੇ ਇਸ ਨਵੀਂ ਪਾਰਟੀ ਦੇ ਚੋਣ ਨਿਸ਼ਾਨ ਉਤੇ ਲੋਕ ਸਭਾ ਚੋਣਾਂ ਵੀ ਲੜੀਆਂ ਸਨ। ਇਸ ਸਭ ਜਨਤਕ ਰਿਕਾਰਡ ਵਿਚ ਪਿਆ ਹੈ।

ਵਿਧਾਇਕ ਦਲ ਆਗੂ ਨੇ ਇਹ ਵੀ ਦੱਸਿਆ ਕਿ ਇਹਨਾਂ ਵਿਧਾਇਕਾਂ ਵੱਲੋਂ ਤਨਖਾਹਾਂ ਅਤੇ ਹੋਰ ਸਹੂਲਤਾਂ ਦੇ ਰੂਪ ਵਿਚ , ਜਿਹੜੀਆਂ ਸਿਰਫ ਯੋਗ ਵਿਧਾਇਕਾਂ ਲਈ ਹੁੰਦੀਆਂ ਹਨ, ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਇਹ ਸਭ ਲੋਕਤੰਤਰੀ ਨਿਯਮਾਂ ਦੇ ਖ਼ਿਲਾਫ ਹੈ ਅਤੇ ਉਹਨਾਂ ਵੋਟਰਾਂ ਨਾਲ ਕੋਝਾ ਮਜ਼ਾਕ ਹੈ, ਜਿਹੜੇ ਚਾਹੁੰਦੇ ਹਨ ਕਿ ਇਹਨਾਂ ਚਾਰੇ ਸੀਟਾਂ ਨੂੰ ਖਾਲੀ ਐਲਾਨਿਆ ਜਾਵੇ ਅਤੇ ਤਾਜ਼ਾ ਚੋਣਾਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਇਹਨਾਂ ਸਾਰੇ ਤੱਥਾਂ ਦੀ ਰੋਸ਼ਨੀ ਵਿਚ ਸਪੀਕਰ ਨੂੰ ਚਾਰੇ ਵਿਧਾਇਕਾਂ ਦੇ ਖ਼ਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਲੋਕਤੰਤਰੀ ਢਾਂਚੇ ਅਤੇ ਸੰਵਿਧਾਨਿਕ ਸੰਸਥਾਵਾਂ ਵਿਚ ਭਰੋਸਾ ਬਹਾਲ ਹੋ ਸਕੇ।

-PTC News

Related Post