ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਭਾਈ ਕਨੱਈਆ ਵਾਂਗ ਲੋੜਵੰਦਾਂ ਦੀ ਮਦਦ ਕਰਨ ਲਈ ਆਖਿਆ

By  Shanker Badra March 22nd 2020 06:44 PM

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਭਾਈ ਕਨੱਈਆ ਵਾਂਗ ਲੋੜਵੰਦਾਂ ਦੀ ਮਦਦ ਕਰਨ ਲਈ ਆਖਿਆ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ ਮਨੁੱਖਤਾ ਦੀ ਇਸ ਲੜਾਈ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਉਹਨਾਂ ਕਿਹਾ ਔਖ ਦੀ ਇਸ ਘੜੀ ਇਸ ਅਸੀਂ ਸਾਰੇ ਪਹਿਲਾਂ ਮਨੁੱਖ, ਭਾਰਤੀ ਅਤੇ ਪੰਜਾਬੀ ਹਾਂ, ਉਸ ਤੋਂ ਬਾਅਦ ਹੀ ਅਕਾਲੀ ਜਾਂ ਕਾਂਗਰਸੀ ਹਾਂ। ਉਹਨਾਂ ਕਿਹਾ ਕਿ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸੀ ਸਾਰੇ ਇੱਕ ਹਾਂ। ਪੰਜਾਬ ਵਿਚ ਬਤੌਰ ਅਕਾਲੀ ਦਲ ਅਸੀਂ ਮੁੱਖ ਮੰਤਰੀ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਇਸ ਲੜਾਈ ਵਿਚ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਾਂ। ਅਕਾਲੀ ਦਲ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਵੀ ਆਖਿਆ ਕਿ ਉਹ ਇਸ ਲੜਾਈ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਅਸੀਂ ਸਾਰੇ ਇਸ ਸਾਂਝੀ ਚੁਣੌਤੀ ਦੀ ਘੜੀ ਵਿੱਚ ਉਹਨਾਂ ਸਾਰੇ ਕਦਮਾਂ ਦੀ ਹਮਾਇਤ ਕਰਦੇ ਹਾਂ, ਜਿਹਨਾਂ ਦਾ ਦੇਸ਼ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਲਾਨ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਸਿਆਸਤ ਨੂੰ ਲਾਂਭੇ ਰੱਖਣ ਅਤੇ ਇਸ ਨਵੇਂ ਦੁਸ਼ਮਣ ਖ਼ਿਲਾਫ ਮਨੁੱਖਤਾ ਦੀ ਲੜਾਈ ਵਿਚ ਇੱਕਜੁਟ ਹੋਣ ਦਾ ਸਮਾਂ ਹੈ। ਇਸ ਮੌਕੇ ਹਰੇਕ ਅਕਾਲੀ ਵਰਕਰ ਨੂੰ ਆਪਣੇ ਅੰਦਰ ਭਾਈ ਕਨੱਈਆ ਵਰਗੀ ਭਾਵਨਾ ਲਿਆਉਣੀ ਚਾਹੀਦੀ ਹੈ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਤਾਲਾਬੰਦੀ ਸੰਬੰਧੀ ਸਰਕਾਰੀ ਨਿਰਦੇਸ਼ਾਂ ਦਾ ਪੂਰੀ ਇਮਾਨਦਾਰੀ ਨਾਲ ਪਾਲਣ ਕਰਨ ਅਤੇ ਤਦ ਤੱਕ ਆਪਣੇ ਘਰਾਂ ਦੇ ਅੰਦਰ ਰਹਿਣ ਜਦ ਤਕ ਸਰਕਾਰ ਤਾਲਾਬੰਦੀ ਜਾਂ ਕਰਫਿਊ ਲਗਾ ਕੇ ਰੱਖਦੀ ਹੈ। ਸਰਦਾਰ ਬਾਦਲ ਨੇ ਹਰ ਘਰ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖ਼ਿਆਲ ਰੱਖਣ ਲਈ ਆਖਿਆ। ਉਹਨਾਂ ਕਿਹਾ ਕਿ ਇਹ ਸਾਡਾ ਆਪਣੇ ਬਜ਼ੁਰਗਾਂ ਦਾ ਮੁੱਲ ਮੋੜਣ ਦਾ ਸਮਾਂ ਹੈ, ਜਿਹਨਾਂ ਨੇ ਸਾਡੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਕਿ ਸਾਰੇ ਗੁਰੂ ਘਰ, ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸੇਵਾਦਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਜਾਂ ਸੁਝਾਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਮਹਾਮਾਰੀ ਖਿਲਾਫ਼ ਇਸ ਲੜਾਈ ਦੀ ਅਗਵਾਈ ਕਰਨ।ਸਾਬਕਾ ਉਪ ਮੁੱਖ ਮੰਤਰੀ ਨੇ ਕੈਨੇਡਾ, ਇਟਲੀ, ਅਮਰੀਕਾ, ਬਰਤਾਨੀਆ, ਸਪੇਨ, ਜਰਮਨੀ ਅਤੇ ਮਿਡਲ ਈਸਟ ਵਿਚ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵਿਦੇਸ਼ਾਂ ਵਿਚ ਹਰ ਲੋੜਵੰਦ ਪੰਜਾਬੀ ਦੀ ਬਿਨਾਂ ਕੋਈ ਸਿਆਸੀ ਜਾਂ ਹੋਰ ਵਿਤਕਰਾ ਕੀਤੇ ਹਰ ਸੰਭਵ ਸਹਾਇਤਾ ਕਰਨ। ਉਹਨਾਂ ਨੇ ਅਕਾਲੀ ਅਹੁਦੇਦਾਰਾਂ ਨੂੰ ਆਖਿਆ ਕਿ ਉਹ ਪੰਜਾਬੀ ਲੋਕਾਂ ਦੀ ਮੱਦਦ ਕਰਨ ਲਈ ਭਾਰਤੀ ਵਿਦੇਸ਼ੀ ਮਿਸ਼ਨਾਂ ਨਾਲ ਤਾਲਮੇਲ ਕਰਨ। -PTCNews

Related Post