ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਪ੍ਰਸਾਸ਼ਨ ਦੇ ਕਰਫਿਊ ਹਟਾਉਣ ਦੇ ਫੈਸਲੇ ਦਾ ਸਵਾਗਤ

By  Shanker Badra May 4th 2020 02:20 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਪ੍ਰਸਾਸ਼ਨ ਦੇ ਕਰਫਿਊ ਹਟਾਉਣ ਦੇ ਫੈਸਲੇ ਦਾ ਸਵਾਗਤ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪ੍ਰਸਾਸ਼ਨ ਦੇ ਇਸ ਸੰਘੀ ਖੇਤਰ ਵਿੱਚੋਂ ਕਰਫਿਊ ਹਟਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਦੀ ਬਹੁਤ ਜ਼ਿਆਦਾ ਜਰੂਰਤ ਸੀ ਅਤੇ ਇਸ ਨਾਲ ਹਾਲਾਤ ਆਮ ਵਰਗੇ ਹੋਣ ਵਿਚ ਮਦਦ ਮਿਲੇਗੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਅਤੇ ਸਿਹਤ ਸੁਰੱਖਿਆ ਯਕੀਨੀ ਬਣਾਉਣ ਵਿਚ ਲੋੜੀਂਦਾ ਸਤੁੰਲਨ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਸਿਹਤ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਈਮਾਨਦਾਰੀ ਨਾਲ ਪਾਲਣ ਕਰਕੇ ਪ੍ਰਸਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਇਸ ਦਲੇਰਾਨਾ ਅਤੇ ਅਗਾਂਹਵਧੂ ਫੈਸਲੇ ਲਈ ਸੰਘੀ ਖੇਤਰ ਦੇ ਪ੍ਰਸਾਸ਼ਕ ਵੀਪੀ ਸਿੰਘ ਬਦਨੌਰ ਦੀ ਸ਼ਲਾਘਾ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪ੍ਰਸਾਸ਼ਨ ਨੇ ਵਾਹਨਾਂ ਉੱਤੇ ਲਾਈ ਪਾਬੰਦੀ ਹਟਾਉਣ ਅਤੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਵਧਾਉਣ ਦਾ ਸਹੀ ਫੈਸਲਾ ਲਿਆ ਹੈ।

ਸ਼ਹਿਰ ਅੰਦਰ ਕੋਵਿਡ-19 ਸੰਕਟ ਨਾਲ ਨਜਿੱਠਣ ਸਮੇਂ ਨਾਗਰਿਕਾਂ ਨੂੰ ਪਹਿਲ ਦੇਣ ਲਈ ਪ੍ਰਸਾਸ਼ਨ ਦੀ ਸ਼ਲਾਘਾ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪ੍ਰਸਾਸ਼ਨ ਨੇ ਪਹਿਲਾਂ ਵੀ ਜਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਸ ਨਾਲ ਸਾਰੇ ਲੋਕਾਂ ਦਾ ਫਾਇਦਾ ਹੋਇਆ ਸੀ।ਅਕਾਲੀ ਆਗੂ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਅਤੇ ਪ੍ਰਸਾਸ਼ਨ ਦੇ ਇਸ ਫੈਸਲੇ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਤਾਂ ਕਿ ਸਥਿਤੀ ਵਿਚ ਲਗਾਤਾਰ ਸੁਧਾਰ ਹੁੰਦਾ ਰਹੇ। ਉਹਨਾਂ ਕਿਹਾ ਕਿ ਸਾਨੂੰ ਇਸ ਸਿਹਤ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਚੰਡੀਗੜ੍ਹ ਦੀ ਕੋਵਿਡ-19 ਖਿਲਾਫ ਲੜਾਈ ਕਾਮਯਾਬੀ ਦੀ ਇੱਕ ਕਹਾਣੀ ਬਣੀ ਰਹੇ।

-PTCNews

Related Post