ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਕੁੱਟਮਾਰ ਤੇ ਪਿਸ਼ਾਬ ਪਿਲਾਉਣ ਦਾ ਮਾਮਲਾ : ਅੱਜ ਪੀੜਤ ਨੌਜਵਾਨ ਦੀ PGI 'ਚ ਇਲਾਜ ਦੌਰਾਨ ਹੋਈ ਮੌਤ

By  Shanker Badra November 16th 2019 02:03 PM

ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਕੁੱਟਮਾਰ ਤੇ ਪਿਸ਼ਾਬ ਪਿਲਾਉਣ ਦਾ ਮਾਮਲਾ : ਅੱਜ ਪੀੜਤ ਨੌਜਵਾਨ ਦੀ PGI 'ਚ ਇਲਾਜ ਦੌਰਾਨ ਹੋਈ ਮੌਤ:ਸੰਗਰੂਰ : ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਜਿੱਥੇ ਬੀਤੇ ਦਿਨੀਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਇੱਕ ਦਲਿਤ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਸੀ। ਅੱਜ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ ,ਕਿ ਪੀੜਤ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਮੇਲ ਸਿੰਘਪਿੰਡ ਚੰਗਾਲੀਵਾਲਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਤੇ ਉਸ ਦੀ ਰਾਡ ਤੇ ਡੰਡਿਆਂ ਨਾਲ ਕੁੱਟ ਮਾਰ ਕੀਤੀ ਗਈ। ਇਨ੍ਹਾਂ ਹੀ ਨਹੀਂ ਉਨ੍ਹਾਂ ਵਿਅਕਤੀਆਂ ਨੇ ਪੀੜਤ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੌਚ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪੇਸ਼ਾਬ ਪਿਲਾਇਆ ਸੀ।

ਇਸ ਘਟਨਾ ਤੋਂ ਬਾਅਦ ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਪਹਿਲਾਂ ਸੰਗਰੂਰ ਅਤੇ ਫ਼ਿਰ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਸੀ, ਜਿੱਥੇ ਉਸ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ ,ਜਿੱਥੇ ਇਨਫੈਕਸ਼ਨ ਵਧਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਪਰ ਇਲਾਜ ਦੌਰਾਨ ਅੱਜ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਲਹਿਰਾ ਪੁਲੀਸ ਨੇ ਅਮਰਜੀਤ ਸਿੰਘ, ਲੱਕੀ, ਬਿੱਟਾ, ਉਰਫ਼ ਬਿੰਦਰ ਨਿਵਾਸੀ ਚੰਗਾਲੀਵਾਲਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਤੇ ਐੱਸਸੀ ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ,ਜਿਸ 'ਤੇ ਚੱਲਦਿਆਂ ਪੁਲਿਸ ਨੇ ਚਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਐਸ.ਐਸ.ਪੀ. ਸੰਗਰੂਰ ਤੋਂ ਪਿੰਡ ਚੰਗਾਲੀਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਦਲਿਤ ਨੌਜਵਾਨ ਦੀ ਕੁੱਟਮਾਰ ਅਤੇ ਪਿਸ਼ਾਬ ਪਿਆਉਣ ਦਾ ਇੱਕ ਮਾਮਲੇ ਵਿੱਚ 28 ਨਵੰਬਰ 2019 ਨੂੰ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਅਖ਼ਬਾਰ ਵਿੱਚ ਪ੍ਰਕਾਸ਼ਤ ਖ਼ਬਰ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।ਦੂਸਰੇ ਪਾਸੇ ਐੱਸਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਐੱਸਸੀ ਕਮਿਸ਼ਨ ਪੀੜਤ ਦੇ ਨਾਲ ਹੈ ਅਤੇ ਹਰ ਸੰਭਵ ਮਦਦ ਵੀ ਦਿੱਤੀ ਜਾਵੇਗੀ।

-PTCNews

Related Post